ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੇ ਕਮੇਟੀ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਆਟਾ ਵੇਚੇ ਜਾਣ ਦੇ ਵਾਊਂਚਰ ਤੇ ਹੋਰ ਦਸਤਾਵੇਜ਼ ਮੀਡੀਆ ਸਾਹਮਣੇ ਪੇਸ਼ ਕਰ ਕੇ ਉਨ੍ਹਾਂ ਦੇ ਪੋਤੜੇ ਫਰੋਲੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲਕਾ ਨੇ ਜੀਕੇ ਤੇ ਸਰਨਾ ਦੇ ਝੂਠ ਨੂੰ ਬੇਨਕਾਬ ਕਰਦਿਆਂ ਦੱਸਿਆ ਕਿ ਕਿਵੇਂ ਸਰਨਾ ਦੇ ਪ੍ਰਧਾਨਗੀ ਕਾਰਜਕਾਲ ਵੇਲੇ 2009 ਤੋਂ 2011 ਤੱਕ ਵੱਖ ਵੱਖ ਫਰਮਾਂ ਨੂੰ ਆਟਾ ਵੇਚਿਆ ਗਿਆ। ਉਨ੍ਹਾਂ ਦੱਸਿਆ ਕਿ ਸਰਨਾ ਸਮੇਂ ਲਿਸਟਾਂ ਬਣਾ ਕੇ ਪਾਈਆ-ਪਾਈਆ ਆਟਾ ਵੇਚਿਆ ਗਿਆ। ਇਕ ਹੀ ਟੈਂਡਰ ਨੂੰ 26 ਟਨ, ਰਮੇਸ਼ ਜਿੰਦਲ ਦੇ ਨਾਂ ’ਤੇ 68 ਟਨ 720 ਕਿਲੋ, ਮਦਨ ਲਾਲ ਸੇਠੀ ਨੂੰ 10 ਟਨ ਤੇ ਸੰਜੇ ਖਾਲੜਾ ਨੂੰ 8 ਟਨ ਆਟਾ ਵੇਚਿਆ ਗਿਆ। ਉਨ੍ਹਾਂ ਦੱਸਿਆ ਕਿ ਸਰਨਾ ਵੇਲੇ ਸਿਰਫ ਆਟਾ ਹੀ ਨਹੀਂ ਬਲਕਿ ਕਮੇਟੀ ਦੇ ਭਾਂਡੇ ਵੀ ਵੇਚੇ ਗਏ।
ਸ੍ਰੀ ਕਾਲਕਾ ਨੇ ਦੱਸਿਆ ਕਿ ਇਸੇ ਤਰੀਕੇ ਮਨਜੀਤ ਸਿੰਘ ਜੀਕੇ ਦੇ ਕਾਰਜਕਾਲ ਵੇਲੇ ਅਮਰਜੀਤ ਸਿੰਘ ਪਿੰਕੀ ਤੇ ਭੁਪਿੰਦਰ ਸਿੰਘ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਗਈ, ਜਿਸ ਨੇ ਆਟਾ ਵੇਚਣ ਬਾਰੇ ਫੈਸਲਾ ਕੀਤਾ ਤੇ ਇਹ ਹੁਕਮ ਆਪ ਜੀਕੇ ਨੇ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਨੇ ਪਹਿਲਾਂ ਦੀ ਰਵਾਇਤ ਅਨੁਸਾਰ ਆਟਾ ਵੇਚਿਆ ਤੇ ਸਾਰਾ ਕੰਮ ਪੂਰਨ ਪਾਰਦਰਸ਼ਤਾ ਨਾਲ ਹੋਇਆ ਤੇ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਖੁਰਾਣਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਨੇ ਇਸ ਬਾਬਤ ਪਿਛਲੀਆਂ ਰਵਾਇਤਾਂ ਵੇਖਦਿਆਂ ਫੈਸਲਾ ਲਿਆ।
ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਬਣਦਿਆਂ ਹੀ ਬਲਦੇਵ ਸਿੰਘ ਤਤਕਾਲੀ ਇੰਚਾਰਜ ਸਟੋਰ ਨੂੰ ਮੁਅੱਤਲ ਵੀ ਕੀਤਾ ਸੀ ਤੇ ਉਸ ਖ਼ਿਲਾਫ਼ ਜਾਂਚ ਕਮੇਟੀ ਵੀ ਬਿਠਾਈ ਸੀ ਪਰ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਦਿੱਤਾ ਤੇ ਜੀਕੇ ਨੂੰ ਉਸ ਨੂੰ ਬਹਾਲ ਕਰਨਾ ਪਿਆ।
ਅਕਾਲੀ ਆਗੂ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦਾ ਇਕ ਨੁਕਾਤੀ ਏਜੰਡਾ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨਾ ਹੈ ਤੇ ਇਸ ਵਾਸਤੇ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਤੇ ਵੀ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਵੀ ਇਨ੍ਹਾਂ ਆਗੂਆਂ ਵੱਲੋਂ ਲੰਗਰ ਪ੍ਰਥਾ ਤੇ ਲੰਗਰ ਆਨ ਵੀਲਜ਼ ਸਮੇਤ ਹਰ ਫੈਸਲੇ ਦੀ ਨੁਕਤਾਚੀਨੀ ਕੀਤੀ ਗਈ, ਜਿਸ ਦਾ ਇਕ ਨੁਕਾਤੀ ਏਜੰਡਾ ਕਮੇਟੀ ਨੂੰ ਬਦਨਾਮ ਕਰਨਾ ਹੈ।