ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਪੁਲੀਸ ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਰੇਹੜੀ-ਫੜ੍ਹੀ ਵਾਲਿਆਂ ਨੂੰ ਸਦਰ ਬਾਜ਼ਾਰ ਵਿੱਚੋਂ ਖਦੇੜ ਦਿੱਤਾ ਹੈ ਤੇ ਹੁਣ ਰੇਹੜੀ-ਫੜ੍ਹੀ ਵਾਲੇ ਸਦਰ ਬਾਜ਼ਾਰ ਵਿੱਚ ਨਹੀਂ ਜਾ ਸਕਣਗੇ। ਸਦਰ ਬਾਜ਼ਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਤੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਕਰੋਨਾ ਦੇ ਸਮੇਂ ਵਿੱਚ ਤਿਉਹਾਰਾਂ ਦੌਰਾਨ ਹਾਲ ਹੀ ’ਚ ਸਦਰ ਬਾਜ਼ਾਰ ਵਿੱਚ ਭੀੜ ਇਕੱਠੀ ਹੋ ਗਈ ਸੀ, ਜਿਸ ਮਗਰੋਂ ਡੀਸੀਪੀ ਉੱਤਰੀ ਏਂਟੋ ਅਲਫੋਂਸੋ, ਏਸੀਪੀ ਨੀਰਜ ਠਾਕੁਰ ਤੇ ਐੱਸਐੱਚਓ ਅਸ਼ੋਕ ਕੁਮਾਰ ਤੇ ਫੈਡਰੇਸ਼ਨ ਆਫ ਸਦਰ ਬਾਜ਼ਾਰ ਟ੍ਰੇਡਰਜ਼ ਐਸੋਸੀਏਸ਼ਨ (ਐਫਐਸਟੀਏ) ਵੱਲੋਂ ਸਖਤ ਫੈਸਲੇ ਲਏ ਗਏ। ਇਨ੍ਹਾਂ ਫ਼ੈਸਲਿਆਂ ਮਗਰੋਂ ਰੇਹੜੀ ਫੜ੍ਹੀ ਵਾਲਿਆਂ ਨੂੰ ਬਾਜ਼ਾਰ ਵਿੱਚੋਂ ਹਟਾਇਆ ਗਿਆ।
ਉਨ੍ਹਾਂ ਕਿਹਾ ਕਿ ਵਪਾਰੀ ਹੁਣ ਖੁਸ਼ ਹਨ ਕਿ ਸਦਰ ਬਾਜ਼ਾਰ ਵਿੱਚੋਂ ਭੀੜ ਘੱਟ ਗਈ ਹੈ ਤੇ ਕਰੋਨਾ ਫੈਲਣ ਦਾ ਡਰ ਵੀ ਘੱਟ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਲ ਇੰਡੀਆ ਟਰੇਡ ਚੈਂਬਰਾਂ ਦੀ ਫੈਡਰੇਸ਼ਨ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਜਪਾਲ ਅਨਿਲ ਬੈਜਲ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ। ਇਸ ਦੌਰਾਨ ਸ੍ਰੀ ਪੰਮਾ ਨੇ ਦੱਸਿਆ ਕਿ ਲਏ ਫ਼ੈਸਲਿਆਂ ਮੁਤਾਬਿਕ ਜੇ ਕੋਈ ਦੁਕਾਨਦਾਰ ਸਦਰ ਬਾਜ਼ਾਰ ਵਿਚ ਦੁਕਾਨ ਅੱਗੇ ਸਾਮਾਨ ਰੱਖਦਾ ਹੈ ਤਾਂ ਉਹ ਕਬਜ਼ੇ ਹੇਠ ਆ ਜਾਵੇਗਾ। ‘ਲੋਡਿੰਗ’ ਤੇ ‘ਅਨਲੋਡਿੰਗ’ ਦਾ ਕੰਮ ਦੁਪਹਿਰ 1 ਵਜੇ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਵਪਾਰੀ ਦੀਵਾਲੀ ਤੱਕ ਸੜਕਾਂ ‘ਤੇ ਆਪਣੀ ਕਾਰ ਨਹੀਂ ਖੜ੍ਹ ਕਰੇਗਾ, ਅਜਿਹਾ ਕਰਨ ਵਾਲਿਆਂ ਦੇ ਪੁਲੀਸ ਵੱਲੋਂ ਵਾਹਨ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਇੱਕ ਸਮੀਖਿਆ ਬੈਠਕ ਹੋਵੇਗੀ।