ਮਨਧੀਰ ਦਿਓਲ
ਨਵੀਂ ਦਿੱਲੀ, 20 ਮਈ
ਦਿੱਲੀ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਵਧ ਤੋਂ ਵਧ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਗਰਮ ਹਵਾਵਾਂ ਚੱਲਣ ਸਬੰਧੀ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਭਿਆਨਕ ਗਰਮੀ ਨੇ ਸ਼ਹਿਰ ਦੀ ਬਿਜਲੀ ਦੀ ਮੰਗ ਨੂੰ ਮਈ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਾ ਦਿੱਤਾ ਹੈ ਜਦੋਂਕਿ ਦਿੱਲੀ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਨਾ ਹੋਣ ਵਾਲੇ ਸਕੂਲਾਂ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਦੂਜੇ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 3.7 ਡਿਗਰੀ ਵੱਧ ਹੈ। ਦੱਖਣ-ਪੱਛਮੀ ਦਿੱਲੀ ਖੇਤਰ ਵਿੱਚ ਵਧ ਤੋਂ ਵਧ 47.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਨਜ਼ਫਗੜ੍ਹ ਵਿੱਚ 47.4 ਡਿਗਰੀ ਸੈਲਸੀਅਸ ਦਾ ਉੱਚਤਮ ਤਾਪਮਾਨ ਦਰਜ ਕੀਤਾ ਗਿਆ ਜੋ ਦੇਸ਼ ਵਿੱਚ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਮੁੰਗੇਸ਼ਪੁਰ ਵਿੱਚ 47.1 ਡਿਗਰੀ, ਅਯਾ ਨਗਰ ਵਿੱਚ 45.7 ਡਿਗਰੀ, ਪੂਸਾ ਵਿੱਚ 46.1 ਡਿਗਰੀ, ਪੀਤਮਪੁਰਾ ਵਿੱਚ 46.6 ਡਿਗਰੀ ਅਤੇ ਪਾਲਮ ਵਿੱਚ 45.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਨਜ਼ਫ਼ਗੜ੍ਹ ਖੇਤਰ ਵਿੱਚ ਪਾਰਾ ਸਭ ਤੋਂ ਵੱਧ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ ਮਈ ਨੂੰ ਆਮ ਤੌਰ ’ਤੇ ਸਭ ਤੋਂ ਗਰਮ ਮਹੀਨਾ ਮੰਨਿਆ ਜਾਂਦਾ ਹੈ। ਜੇਕਰ ਇਸ ਮੌਸਮ ਦੌਰਾਨ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਨਹੀਂ ਹੁੰਦੀ ਹੈ ਤਾਂ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਸਵੇਰੇ 8.30 ਵਜੇ ਹਵਾ ਵਿੱਚ ਨਮੀ 43 ਫੀਸਦੀ ਦਰਜ ਕੀਤੀ ਗਈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਦਿੱਲੀ ਵਿੱਚ ਇਹ ਅਤਿ ਦੀ ਗਰਮੀ ਦੀ ਸਥਿਤੀ ਬਣੀ ਰਹੇਗੀ। -ਪੀਟੀਆਈ
ਗਰਮੀ ਕਾਰਨ ਬਿਜਲੀ ਦੀ ਮੰਗ ਵਧੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ। ਐਤਵਾਰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਕਈ ਇਲਾਕਿਆਂ ’ਚ ਤਾਪਮਾਨ 47 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਇਸ ਨਾਲ ਬਿਜਲੀ ਦੀ ਖਪਤ ਵੀ ਵਧ ਰਹੀ ਹੈ। ਵੱਧ ਤੋਂ ਵੱਧ ਮੰਗ ਸੱਤ ਹਜ਼ਾਰ ਮੈਗਾਵਾਟ ਤੋਂ ਉਪਰ ਪਹੁੰਚ ਰਹੀ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋਣ ਦੀ ਸਮੱਸਿਆ ਹੈ। ਸ਼ੁੱਕਰਵਾਰ ਤੋਂ ਬਿਜਲੀ ਦੀ ਮੰਗ ਸੱਤ ਹਜ਼ਾਰ ਮੈਗਾਵਾਟ ਤੋਂ ਉਪਰ ਚਲੀ ਗਈ ਹੈ। ਸ਼ਨਿੱਚਰਵਾਰ ਰਾਤ ਨੂੰ ਸਭ ਤੋਂ ਵੱਧ ਮੰਗ 7164 ਮੈਗਾਵਾਟ ਰਿਕਾਰਡ ਕੀਤੀ ਗਈ। ਵੱਧ ਤੋਂ ਵੱਧ ਮੰਗ ਦੇ ਨਾਲ-ਨਾਲ ਘੱਟੋ-ਘੱਟ ਮੰਗ ਵੀ ਵਧ ਰਹੀ ਹੈ। ਆਮ ਤੌਰ ’ਤੇ ਸਵੇਰ ਵੇਲੇ ਬਿਜਲੀ ਦੀ ਮੰਗ ਘੱਟ ਹੁੰਦੀ ਹੈ ਪਰ ਗਰਮੀ ਜ਼ਿਆਦਾ ਹੋਣ ਕਾਰਨ ਸਵੇਰ ਵੇਲੇ ਇਹ ਵੀ ਵੱਧ ਰਹੀ ਹੈ। ਘੱਟੋ-ਘੱਟ ਮੰਗ ਵੀ ਪੰਜ ਹਜ਼ਾਰ ਮੈਗਾਵਾਟ ਦੇ ਨੇੜੇ ਪਹੁੰਚ ਰਹੀ ਹੈ। ਪਿਛਲੇ ਇੱਕ ਦਿਨ ਵਿੱਚ ਇਸ ਵਿੱਚ ਚਾਰ ਸੌ ਮੈਗਾਵਾਟ ਮੰਗ ਵੱਧ ਵਧੀ ਹੈ। ਸੋਮਵਾਰ ਸਵੇਰੇ 4867 ਮੈਗਾਵਾਟ ਰਿਕਾਰਡ ਕੀਤੀ ਗਈ। ਬਿਜਲੀ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਅਰ ਕੰਡੀਸ਼ਨਰ, ਕੂਲਰ, ਪੱਖੇ ਆਦਿ ਦੀ ਵੱਧ ਵਰਤੋਂ ਕਾਰਨ ਮੰਗ ਵਧ ਰਹੀ ਹੈ ਅਤੇ ਮੰਗ ਅਨੁਸਾਰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਬਿਜਲੀ ਕੰਪਨੀਆਂ ਦੇ ਦਾਅਵਿਆਂ ਦੇ ਉਲਟ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਮੰਗ ਵਧਣ ਕਾਰਨ ਅਣਐਲਾਨੇ ਕੱਟ ਲੱਗ ਰਹੇ ਹਨ।