ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਐਤਵਾਰ ਨੂੰ ਰਿਕਾਰਡ ਤੋੜ ਗਰਮੀ ਪੈਣ ਮਗਰੋਂ ਅੱਜ ਦਿੱਲੀ-ਐਨਸੀਆਰ ਵਿੱਚ ਗਰਮੀ ਤੋਂ ਕੁੱਝ ਰਾਹਤ ਮਿਲੀ ਤੇ ਸਵੇਰੇ ਅਸਮਾਨ ਉਪਰ ਗਹਿਰ ਤੇ ਹਲਕੇ ਬੱਦਲ ਛਾਏ ਰਹੇ। ਹਾਲਾਂ ਕਿ ਭਾਰਤੀ ਮੌਸਮ ਮਹਿਕਮੇ ਵੱਲੋਂ ਭਵਿੱਖਬਾਣੀ ਕੀਤੀ ਗਈ 17 ਮਈ ਨੂੰ ਇਸ ਖਿੱਤੇ ਵਿੱਚ ਧੂੜ ਭਰੀ ਹਨੇਰੀ ਚੱਲੇਗੀ। ਮੌਸਮ ਮਹਿਕਮੇ ਦੇ ਸੀਨੀਅਰ ਵਿਗਿਆਨੀ ਆਰ. ਕੇ. ਜੇਨਾਮਾਨੀ ਨੇ ਕਿਹਾ ਕਿ ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਰਾਜਾਂ ਨੂੰ ਮੰਗਲਵਾਰ ਤੋਂ ਘੱਟੋ-ਘੱਟ ਚਾਰ ਦਿਨਾਂ ਲਈ ਗਰਮੀ ਤੋਂ ਰਾਹਤ ਮਿਲੇਗੀ।ਵਿਗਿਆਨੀ ਮੁਤਾਬਕ ਅੱਜ ਦਿੱਲੀ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਐਤਵਾਰ ਦੇ ਮੁਕਾਬਲੇ ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਘੱਟ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ਵਿੱਚ ਤਾਪਮਾਨ 49.2 ਦਰਜ ਕੀਤਾ ਗਿਆ ਸੀ ਤੇ ਨਜ਼ਫ਼ਗੜ੍ਹ ਵਿੱਚ 49.1 ਤਕ ਪਹੁੰਚ ਗਿਆ ਸੀ। ਦਿੱਲੀ ਦੇ ਸਾਰੇ ਮੌਸਮ ਕੇਂਦਰਾਂ ਵਿੱਚ ਅੱਜ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਗਿਰਾਵਟ ਦਰਜ ਕੀਤੀ ਗਈ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗਰਾਮ, ਨੋਇਡਾ, ਗਾਜ਼ੀਆਬਾਦ ਵਿੱਚ ਵੀ ਗਰਮੀ ਤੋਂ ਹਲਕੀ ਰਾਹਤ ਮਿਲੀ।