ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਦਿੱਲੀ ਲੌਕਡਾਊਨ ਦੌਰਾਨ ਕਰੀਬ ਬੰਦ ਪਈ ਹੈ, ਜਿਸ ਕਰਕੇ ਮਜ਼ਦੂਰੀ ਕਰਨ ਵਾਲੇ ਜਾਂ ਬੇਘਰਾਂ ਲਈ ਢਿੱਡ ਭਰਨ ਦਾ ਕੋਈ ਸਾਧਨ ਨਾ ਹੋਣ ਕਰਕੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖਾਣੇ ਦੀ ਸੇਵਾ ਦਿੱਲੀ ਵਿੱਚ ਥਾਂ-ਥਾਂ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਰਾਜੌਰੀ ਗਾਰਡਨ ਸਿੰਘ ਸਭਾ, ਦਿੱਲੀ ਦੀਆਂ ਸਥਾਨਕ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਤੇ ਸਵੈ-ਸੇਵੀ ਸੰਸਥਾ ਵੱਲੋਂ ਮਜ਼ਦੂਰਾਂ ਦੀ ਮਦਦ ਜਾਰੀ ਹੈ। ਇਸੇ ਤਰ੍ਹਾਂ ਮਜਨੂੰ ਦਾ ਟਿੱਲਾ ਇਲਾਕੇ ਵਿੱਚ ਸਥਿਤ ਵਿਸਥਾਪਤ ਤਿੱਬਤੀ ਭਾਈਚਾਰੇ ਵੱਲੋਂ ਨਿਗਮ ਬੋਧ ਘਾਟ ਨੇੜੇ ਰੈਣ ਬਸੇਰੇ ਕੋਲ ਜਾਂ ਉੱਥੇ ਖੁੱਲ੍ਹੇ ਅਸਮਾਨ ਹੇਠ ਜੀਵਨ ਬਤੀਤ ਕਰਨ ਵਾਲੇ ਮਜ਼ਦੂਰ ਤਬਕੇ ਲਈ ਖਾਣਾ ਬਣਾ ਕੇ ਵੰਡਿਆ ਗਿਆ। ‘ਰੀਜਨਲ ਤਿੱਬਤੀਅਨ ਯੂਥ ਕਾਂਗਰਸ’ ਵੱਲੋਂ ਇਹ ਖਾਣੇ ਦੀ ਸੇਵਾ ਨਿਗਮ ਬੋਧ ਘਾਟ ਸਮੇਤ ਜਾਮਾ ਮਸਜਿਦ ਦੇ ਇਲਾਕੇ ਤੇ ਆਈਐੱਸਬੀਟੀ ਤੇ ਹੋਰ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਫਲਾਂ ਵਜੋਂ ਕੇਲੇ ਤੇ ਅੰਬ ਵੀ ਵੰਡੇ ਗਏ ਹਨ।