ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਲਾ-ਮੁਹੱਲਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਗੁਰਦੁਆਰਿਆਂ ਵਿਚ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਏ ਗਏ। ਮੁੱਖ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤਾ ਹੋਇਆ, ਜਿਥੇ ਸੰਗਤਾਂ ਨੇ ਵੱਡੀ ਣਿਤੀ ਵਿਚ ਨਤਮਸਤਕ ਹੋ ਕੇ ਹਾਜ਼ਰੀ ਭਰੀ। ਇਥੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹੋਲਾ ਮੁਹੱਲਾ ਸਿੱਖਾਂ ਦੀ ਚੜ੍ਹਦੀਕਲਾ ਅਤੇ ਸੂਰਬੀਰਤਾ ਦਾ ਪ੍ਰਤੀਕ ਹੈ ਜੋ ਸਿੱਖ ਕੌਮ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਜਿਥੇ ਸਾਰੇ ਭਾਰਤ ਭਰ ਵਿਚ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਹਨ, ਉਥੇ ਹੀ ਸਿੱਖ ਹੋਲਾ ਮੁਹੱਲਾ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਕੀਤੀ ਬਖਸ਼ਿਸ਼ ਸਦਕਾ ਇਸ ਦਿਨ ਗੁਰੂ ਦੀਆਂ ਲਾਡਲੀਆਂ ਫੌਜਾਂ ਜੰਗੀ ਜੌਹਰ ਵਿਖਾਉਂਦੀਆਂ ਹਨ ਤੇ ਗਤਕਾ ਖੇਡਿਆ ਜਾਂਦਾ ਹੈ ਤੇ ਹੋਰ ਸਿੱਖ ਮਾਰਸ਼ਲ ਆਰਟ ਵੀ ਇਸ ਦਿਨ ਦੁਨੀਆਂ ਨੂੰ ਵੇਖਣ ਨੂੰ ਮਿਲਦੇ ਹਨ। ਦੋਹਾਂ ਆਗੂਆਂ ਨੇ ਕਿਹਾ ਕਿ ਇਹ ਰੰਗਾਂ ਦਾ ਤਿਉਹਾਰ ਹਰ ਵਿਅਕਤੀ ਦੇ ਜੀਵਨ ਵਿਚ ਨਵੇਂ ਰੰਗ ਤੇ ਉਮੰਗ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਹੁਣ ਕਰੋਨਾ ਮਹਾਮਾਰੀ ਖਤਮ ਹੋ ਰਹੀ ਹੈ, ਉਹ ਦੁਨੀਆਂ ਲਈ ਬਹੁਤ ਚੰਗਾ ਸੰਕੇਤ ਹੈ ਪਰ ਦੋ ਸਾਲਾਂ ਦੀ ਇਸ ਮਹਾਮਾਰੀ ਦੌਰਾਨ ਸਿੱਖਾਂ ਨੇ ਦੁਨੀਆਂ ਭਰ ਨੂ ਵਿਖਾ ਦਿੱਤਾ ਹੈ ਕਿ ਗੁਰੂ ਸਾਹਿਬਾਨ ਦੇ ਦਰਸਾਏ ਰਾਹ ਚੱਲਦਿਆਂ ਅਸੀਂ ਕਿਵੇਂ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ। ਇਨ੍ਹਾਂ ਸਮਾਗਮਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।