ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਾਰਚ
ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਜਨਰਲ ਪ੍ਰਸ਼ਾਸਨ ਵਿਭਾਗ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ‘ਇਕ ਸ਼ਾਮ ਸ਼ਹੀਦਾਂ ਦੇ ਨਾਮ’ ਪ੍ਰੋਗਰਾਮ ਸੈਂਟਰਲ ਪਾਰਕ, ਰਾਜੀਵ ਚੌਂਕ, ਨਵੀਂ ਦਿੱਲੀ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਸਮਰਪਿਤ ਗਾਇਨ ਪੇਸ਼ ਕਰ ਕੇ ਕੀਤੀ ਗਈ। ਇਨ੍ਹਾਂ ਸ਼ਹੀਦਾਂ ਦੇ ਆਜ਼ਾਦੀ ਸੰਘਰਸ਼ ‘ਤੇ ਰੋਸ਼ਨੀ ਪਾਉਂਦੇ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਅਤੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਫ਼ੈਸਰ ਚਮਨ ਲਾਲ ਦੀ ਖੋਜ ‘ਤੇ ਆਧਾਰਿਤ ਭਗਤ ਸਿੰਘ ਦੇ ਜੀਵਨ ਅਤੇ ਸੰਘਰਸ਼ ‘ਤੇ ਤਿਆਰ ਕੀਤੀਆਂ ਗਈਆਂ 4 ਪੁਸਤਕਾਂ ਦਾ ਇਕ ਸੈੱਟ ਰਿਲੀਜ਼ ਕੀਤਾ ਗਿਆ ਅਤੇ ਪ੍ਰੋਗਰਾਮ ਵਿਚ ਹਾਜ਼ਰ ਦਰਸ਼ਕਾਂ ਨੂੰ ਮੁਫ਼ਤ ਭੇਟ ਕੀਤਾ ਗਿਆ। ਮੰਤਰੀ ਸ੍ਰੀ ਗੋਪਾਲ ਰਾਏ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿਚ ਸਾਨੂੰ ਭਗਤ ਸਿੰਘ ਦੇ ਸੰਕਲਪ ਇਕ ਸਮਾਨਤਾ ਅਤੇ ਪੂਰਨ ਸਵਰਾਜ ਨੂੰ ਅਪਣਾਉਣ ਦੀ ਲੋੜ ਹੈ। ਪ੍ਰੋਗਰਾਮ ਵਿਚ ਆਜ਼ਾਦੀ ਘੁਲਾਟੀਏ ਇੰਦਰ ਰਾਜ ਆਨੰਦ ਅਤੇ ਆਰ ਮਾਧਵਨ ਨੂੰ ਸਨਮਾਨਤ ਕੀਤਾ ਗਿਆ। ਸਮਾਜ ਅਤੇ ਕਲਿਆਣ ਮੰਤਰੀ ਰਾਜਿੰਦਰ ਪਾਲ ਗੌਤਮ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਰਿਟਾਰਡ ਮੇਜਰ ਜਨਰਲ ਸ਼ਿਓਨਾਨ ਸਿੰਘ, ਜਨਰਲ ਪ੍ਰਸ਼ਾਸਨ ਵਿਭਾਗ ਦੇ ਐਡੀਸ਼ਨਲ ਚੀਫ਼ ਸੈਕਟਰੀ ਪ੍ਰੀਵਨ ਕੁਮਾਰ ਗੁਪਤਾ, ਪੰਜਾਬੀ ਆਕਦਮੀ ਦੇ ਵਾਈਸ ਚੇਅਰਮੈਨ ਹਰਸ਼ਰਨ ਸਿੰਘ ਬੱਲੀ, ਪ੍ਰੋ. ਚਮਨ ਲਾਲ, ਐਮ.ਐਲ.ਏ. ਜਰਨੈਲ ਸਿੰਘ, ਸ੍ਰੀਮਤੀ ਵੰਦਨਾ ਕੁਮਾਰੀ, ਸ੍ਰੀ ਸੰਜੀਵ ਝਾਅ ਅਤੇ ਸ੍ਰੀ ਪਵਨ ਸ਼ਰਮਾ, ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ੍ਰੀ ਤਜਿੰਦਰ ਪਾਲ ਸਿੰਘ ਨਲੂਆ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਹ ਸਭਿਆਚਾਰਕ ਸੰਗੀਤਮਈ ਪ੍ਰੋਗਰਾਮ ਦਿੱਲੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਆਜ਼ਾਦੀ ਦੇ 75ਵੇਂ ਸਾਲ ਦੇ ਸਮਾਗਮਾਂ ਦਾ ਹਿੱਸਾ ਸੀ। ਸਕੱਤਰ, ਪੰਜਾਬੀ ਅਕਾਦਮੀ ਰਜਿੰਦਰ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਹੋਰ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਏਗਾ। ਸੈਂਟਰਲ ਪਾਰਕ ਦਾ ਵਿਹੜਾ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ।