ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਰਬ ਮੁਲਕ ਕਤਰ ਦੀ ਪੁਲੀਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਪਿਛਲੇ ਅੱਠ ਮਹੀਨੇ ਤੋਂ ਆਪਣੇ ਕਬਜ਼ੇ ’ਚ ਰੱਖਣ ਕਾਰਨ ਸਿੱਖ ਭਾਈਚਾਰੇ ’ਚ ਰੋਸ ਦੀ ਲਹਿਰ ਹੈ। ਸ੍ਰੀ ਸਾਹਨੀ ਨੇ ਅਪੀਲ ਕੀਤੀ ਕਿ ਭਾਰਤੀ ਮਿਸ਼ਨ ਦੋਹਾ ਵਿੱਚ ਸਿੱਖਾਂ ਲਈ ਗੁਰਦੁਆਰੇ ਲਈ ਢੁੱਕਵੀਂ ਥਾਂ ਦੀ ਸਹੂਲਤ ਦੇਵੇ। ਡਾ. ਸਾਹਨੀ ਨੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਪਵਿੱਤਰ ਗ੍ਰੰਥਾਂ ਨੂੰ ਉਨ੍ਹਾਂ ਦੇ ਸਹੀ ਸਥਾਨ ’ਤੇ ਬਹਾਲ ਕਰਨ ਲਈ ਉੱਚ ਤਰਜੀਹੀ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੂਤਾਵਾਸ ਨੂੰ ਵੀ ਅਪੀਲ ਕੀਤੀ ਕਿ ਉਹ ਕਤਰ ਵਿੱਚ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਆਜ਼ਾਦੀ ਨਾਲ ਸੰਭਾਲ ਕਰਨ ਦੇ ਅਧਿਕਾਰ ਦੀ ਰੱਖਿਆ ਲਈ ਆਪਣੀ ਅਟੁੱਟ ਵਚਨਬੱਧਤਾ ਦਾ ਭਰੋਸਾ ਦਿਵਾਉਣ।