ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਜਨ ਅੰਦੋਲਨ ਵਿੱਚ ਸ਼ੁਰੂ ਤੋਂ ਹੀ ਆਪਣੀ ਹਾਜ਼ਰੀ ਅਤੇ ਸੇਵਾ ਦਿੰਦੇ ਰਹੇ ਅਬਦੁਲ ਰਹਿਮਾਨ ਦਾ ਅੱਜ ਸਿੰਘੂ ਹੱਦ ’ਤੇ ਕਿਸਾਨ ਆਗੂਆਂ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਪਿੰਡ ਭੈਣੀ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ 20 ਸਾਲਾਂ ਦੇ ਅਬਦੁਲ ਸਰਗਰਮ ਕਾਰਕੁਨ ਹਨ। ਅਬਦੁਲ ਇਕ ਬੇਜ਼ਮੀਨੇ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਝਾਰਖੰਡ ਤੋਂ ਪ੍ਰਵਾਸ ਕਰਕੇ ਇਧਰ ਵਸਿਆ ਸੀ। ਇੱਕ ਮੁਸਲਮਾਨ ਹੋਣ ਦੇ ਬਾਵਜੂਦ ਪਿੰਡ ਦੇ ਸਿੱਖਾਂ ਅਤੇ ਸਾਰੇ ਵਿਸ਼ਵਾਸਾਂ ਨਾਲ ਅਬਦੁਲ ਦਾ ਬਹੁਤ ਪਿਆਰ ਸਤਿਕਾਰ ਰਿਹਾ ਹੈ। ਉਂਝ ਤਾਂ ਇਹ ਨੌਜਵਾਨ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਸਰਗਰਮ ਸੀ ਪਰ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਧਰਨੇ ’ਤੇ ਅਬਦੁਲ ਦੀ ਖਾਸ ਭੂਮਿਕਾ ਰਹੀ। ਅਬਦੁਲ ਆਪਣੇ ਪਿੰਡ ਅਤੇ ਜਥੇਬੰਦੀ ਦੇ ਕਿਸਾਨਾਂ ਦੇ ਨਾਲ ਨਾਲ ਆਉਣ-ਜਾਣ ਵਾਲੇ ਹਰ ਸ਼ਖ਼ਸ ਲਈ ਲੰਗਰ ਦਾ ਇੰਤਜ਼ਾਮ ਕਰਦਾ ਰਿਹਾ ਹੈ। ਪਹਿਲਾਂ ਉਹ ਮਾਲੇਰਕੋਟਲਾ ਵਾਲੇ ਮੁਸਲਮਾਨ ਭਾਈਚਾਰੇ ਵੱਲੋਂ ਲਾਏ ਗਏ ਲੰਗਰ ਵਿੱਚ ਸੇਵਾ ਦੇ ਰਿਹਾ ਸੀ ਫਿਰ ਉਹ ਸ਼ਹੀਦ ਮੇਜਰ ਖਾਨ ਨਾਲ ਸੇਵਾ ਕਰਦਾ ਰਿਹਾ। ਪਿੰਡ ਝੰਡੀ ਦੇ ਸਾਬਕਾ ਫੌਜੀ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦ ਮੇਜਰ ਖਾਨ ਦੀ ਸ਼ਹਾਦਤ ਤੋਂ ਬਾਅਦ ਅਬਦੁਲ ਰਹਿਮਾਨ ’ਤੇ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਪਰ ਅਬਦੁਲ ਫਿਰ ਵੀ ਪੂਰੀ ਤਾਕਤ ਅਤੇ ਹੌਸਲੇਂ ਨਾਲ ਮੋਰਚੇ ਵਿੱਚ ਡਟਿਆ ਰਿਹਾ।