ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਮੁੱਖ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਹਾਜ਼ਰੀ ਵਿਚ ਕਮੇਟੀ ਮੈਂਬਰ ਹਰਵਿੰਦਰ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਵਾਰਡ ਨੰਬਰ 23 ਵਿਸ਼ਨੂੰ ਗਾਰਡਨ ਅਤੇ ਚਾਂਦ ਨਗਰ ਇਲਾਕੇ ਦੇ ਕਈ ਵਿਅਕਤੀ ਪਾਰਟੀ ਵਿਚ ਸ਼ਾਮਲ ਹੋ ਗਏ।
ਇਨ੍ਹਾਂ ਆਗੂਆਂ ਤੇ ਵਰਕਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਅੱਜ ਕਿਹਾ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਨੇ ਥੋੜ੍ਹੇ ਹੀ ਸਮੇਂ ਵਿਚ ਦੇਸ਼ ਵਿਦੇਸ਼ ਵਿਚ ਸਿੱਖ ਕੌਮ ਦੇ ਮਸਲੇ ਚੁੱਕ ਕੇ ਅਤੇ ਹੱਲ ਕਰਵਾ ਕੇ ਸਿੱਧ ਕੀਤਾ ਹੈ ਕਿ ਇਹ ਸਿੱਖਾਂ ਦੀ ਪ੍ਰਤੀਨਿਧ ਟੀਮ ਹੈ। ਇਸੇ ਕਰਕੇ ਲੋਕ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਮੁਕਾਬਲੇ ਅੱਜ ਉਹ ਲੋਕ ਹਨ ਜੋ 24 ਸਾਲਾਂ ਤੋਂ ਇਕ ਦੂਜੇ ਨੂੰ ਨਿੰਦਦੇ ਸਨ ਪਰ ਅੱਜ ਆਪਣੀ ਸਿਆਸੀ ਇੱਛਾ ਦੀ ਪੂਰਤੀ ਲਈ ਇਕਮਿਕ ਹੋ ਰਹੇ ਹਨ ਤੇ ਉਨ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ 24 ਸਾਲ ਪਹਿਲਾਂ ਬਣਾਈ ਪਾਰਟੀ ਵੀ ਵਿਸਾਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਹਰਵਿੰਦਰ ਸਿੰਘ ਸੰਧੂ ਨੂੰ ਸੁੱਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੇਲ੍ਹ ਰੋਡ ਜਨਕਪੁਰੀ ਨਵੀਂ ਦਿੱਲੀ ਦੀ ਗਵਰਨਿੰਗ ਬਾਡੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਬਿਲਡਿੰਗ ਸਬ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਹਰਮਿੰਦਰ ਸਿੰਘ ਕਲਸੀ, ਸਤਵਿੰਦਰ ਸਿੰਘ ਸੱਗੂ, ਬਲਜੀਤ ਸਿੰਘ, ਰਾਣਾ ਸਿੰਘ, ਗੁਰਜੀਤ ਸਿੰਘ ਕਲਸੀ, ਪਰਵਿੰਦਰ ਸਿੰਘ ਪੁਰੀ, ਗੁਰਬਖਸ਼ ਸਿੰਘ, ਪਰਮਜੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ ਔਲਖ, ਦਰਸ਼ਨ ਸਿੰਘ, ਜਸਵੀਰ ਸਿੰਘ ਪਨੇਸਰ ਤੇ ਅਰਵਿੰਦਰ ਪਾਲ ਸਿੰਘ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਏ। ਇਸ ਨੂੰ ਮੌਕੇ ’ਤੇ ਕਾਲਕਾ ਤੇ ਕਾਹਲੋਂ ਨੇ ਸਨਮਾਨਤ ਕੀਤਾ।