ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਕੇਸ ਵਧਣ ਮਗਰੋਂ ਜਿੱਥੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਉਥੇ ਹੀ ਕਈ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਵਾਇਰਸ ਦੇ ਗੰਭੀਰ ਮਰੀਜ਼ਾਂ ਲਈ ਆਈਸੀਯੂ ਸਹੂਲਤਾਂ ਵਾਲੇ ਬਿਸਤਰੇ ਥੁੜ੍ਹ ਗਏ ਹਨ। ਨਿੱਜੀ ਹਸਪਤਾਲ ਮੈਕਸ, ਫੋਰਟਿਸ, ਇੰਦਰਪ੍ਰਸਤ ਅਪੋਲੋ ਅਤੇ ਅਕਾਸ਼ ਹੈਲਥਕੇਅਰ ਵਿੱਚ ਬਿਸਤਰਿਆਂ ਦੀ ਘਾਟ ਦੱਸੀ ਜਾ ਰਹੀ ਹੈ। ਸਰਕਾਰੀ ਹਸਪਤਾਲ ਰਾਮ ਮਨੋਹਰ ਲੋਹੀਆ ਤੇ ਹਿੰਦੂ ਰਾਓ ਵਿੱਚ 93 ਵਿੱਚੋਂ 74 ਬਿਸਤਰੇ ਭਰੇ ਹੋਏ ਹਨ। ਇਕ ਅਨੁਮਾਨ ਮੁਤਾਬਿਕ ਆਈਸੀਯੂ ਤੇ ਵੈਂਟੀਲੇਟਰ ਦੀਆਂ ਸਹੂਲਤਾਂ ਵਾਲੇ ਬਿਸਤਰਿਆਂ ਲਈ 60 ਤੋਂ 70 ਫ਼ੀਸਦੀ ਗੰਭੀਰ ਮਰੀਜ਼ ਭਰਤੀ ਹੋ ਚੁੱਕੇ ਹਨ।
ਇਸੇ ਦੌਰਾਨ ਦਿੱਲੀ ਦੇ ਉਪ-ਰਾਜਪਾਲ ਵੱਲੋਂ ਦਿੱਲੀ ਦੀਆਂ ਹੋਰ ਰਾਜਾਂ ਨਾਲ ਲੱਗਦੀਆਂ ਹੱਦਾਂ ’ਤੇ ਕਰੋਨਾ ਜਾਂਚ ਕਰਨ ਅਤੇ ਉਸਾਰੀ ਵਾਲੀਆਂ ਥਾਵਾਂ ’ਤੇ ਪਰਵਾਸੀ ਮਜ਼ਦੂਰਾਂ ਦੀ ਕਰੋਨਾ ਜਾਂਚ ਲਈ ਵਿਸ਼ੇਸ਼ ਪ੍ਰਬੰਧਾਂ ਉਪਰ ਜ਼ੋਰ ਦਿੱਤਾ ਗਿਆ। ਸ੍ਰੀ ਬੈਜਲ ਵੱਲੋਂ ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਬੈਠਕ ਵਿੱਚ ਕਰੋਨਾ ਸੰਕਟ ਬਾਰੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ ਛੇਤੀ ਜਾਰੀ ਕੀਤਾ ਜਾਵੇਗਾ ਜਿੱਥੇ ਕਰੋਨਾ ਲੱਛਣਾਂ ਵਾਲੇ ਲੋਕ ਟੈਸਟ ਲਈ ਬੁਕਿੰਗ ਕਰ ਸਕਣਗੇ। ਪਹਿਲੇ ਪੜਾਅ ਤਹਿਤ ਬਜ਼ੁਰਗ, ਔਰਤਾਂ ਤੇ ਬੱਚਿਆਂ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਜਾਂਚ ਲਾਜ਼ਮੀ ਹੋਵੇਗੀ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਅਗਸਤ ਮਹੀਨੇ ਦੌਰਾਨ ਕਰੋਨਾ ਦੇ ‘ਸਰਗਰਮ’ ਮਰੀਜ਼ਾਂ ਦੀ ਗਿਣਤੀ ਅਚਾਨਕ ਤੇਜ਼ੀ ਨਾਲ ਵਧਣ ਲੱਗੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਸਰਗਰਮ ਮਰੀਜ਼ਾਂ ਵਿੱਚ 50 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। 1 ਅਗਸਤ ਨੂੰ 10596 ਸਰਗਰਮ ਮਰੀਜ਼ ਸਨ। ਮੰਗਲਵਾਰ ਤੱਕ ਇਹ ਗਿਣਤੀ 15870 ਹੋ ਗਈ ਸੀ। ਚਾਰ ਅਗਸਤ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ ਹੇਠਾਂ ਵੱਲ ਖਿਸਕੀ, ਜੋ 9897 ਤੱਕ ਪੁੱਜੀ ਸੀ ਪਰ ਹੁਣ ਫਿਰ ਅਚਾਨਕ ਸਰਗਰਮ ਮਰੀਜ਼ ਵਧਣ ਲੱਗੇ ਹਨ।
24 ਘੰਟਿਆਂ ਵਿੱਚ 2,509 ਕੇਸ ਪਾਜ਼ੇਟਿਵ
ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰੋਨਾ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 2509 ਹੋ ਗਈ ਹੈ। ਮ੍ਰਿਤਕਾਂ ਦੀ ਕੁੱਲ ਗਿਣਤੀ 4,481 ਹੋ ਗਈ ਤੇ 19 ਮੌਤਾਂ ਹੋਈਆਂ ਹਨ। ਦੱਸਣਯੋਗ ਹੈ ਕਿ ਕੁਲ ਮਰੀਜ਼ 1 ਲੱਖ 80 ਦੇ ਕਰੀਬ ਹੋ ਗਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਲੱਖ 55 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਸਰਗਰਮ ਮਰੀਜ਼ 16502 ਹਨ ਤੇ ਸੀਲਬੰਦ ਇਲਾਕੇ 894 ਹੋ ਚੁੱਕੇ ਹਨ।
ਏਮਜ਼ ਵੱਲੋਂ ਦੋ ਹਫ਼ਤੇ ਲਈ ਓਪੀਡੀ ਸੇਵਾਵਾਂ ਬੰਦ
‘ਏਮਜ਼’ ਦੇ ਐਮਰਜੈਂਸੀ ਵਿਭਾਗ ਵਿਚ ਗ਼ੈਰ-ਕੋਵਿਡ ਮਰੀਜ਼ਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਹਸਪਤਾਲ ਪ੍ਰਸ਼ਾਸਨ ਨੇ ਰੂਟੀਨ ਓਪੀਡੀ ਦਾਖ਼ਲਾ ਜਨਰਲ ਤੇ ਪ੍ਰਾਈਵੇਟ ਵਾਰਡ ਵਿਚ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਹੈ। ਹਾਲਾਂਕਿ ਮੈਡੀਕਲ ਸਲਾਹ ਤੇ ਕੌਂਸਲਿੰਗ ਲਈ ਆਉਣ ਵਾਲੇ ਮਰੀਜ਼ਾਂ ਲਈ ਓਪੀਡੀ ਸੇਵਾ ਜਾਰੀ ਰਹੇਗੀ। ਮੈਡੀਕਲ ਸੁਪਰਡੈਂਟ ਡਾ. ਡੀ.ਕੇ. ਸ਼ਰਮਾ ਨੇ ਕਿਹਾ ਕਿ ਮੌਜੂਦ ਬਿਸਤਰਿਆਂ ਨੂੰ ਗੰਭੀਰ ਬਿਮਾਰ ਤੇ ਐਮਰਜੈਂਸੀ ਹਾਲਾਤਾਂ ਵਿਚ ਆਉਣ ਵਾਲੇ ਮਰੀਜ਼ਾਂ ਲਈ ਵਰਤਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਲਈ ਓਪੀਡੀ ਰਾਹੀਂ ਆਮ ਤੌਰ ’ਤੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਲਈ ਪ੍ਰਕਿਰਿਆ ਦੋ ਹਫ਼ਤੇ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਿਹਤ ਸਕੀਮ ਤਹਿਤ ਆਉਂਦੇ ਮਰੀਜ਼ਾਂ ਨੂੰ ਕਲੀਨੀਕਲ ਮੁਆਇਨੇ ਮੁਤਾਬਕ ਦਾਖ਼ਲ ਕੀਤਾ ਜਾਣਾ ਜਾਰੀ ਰਹੇਗਾ। -ਪੀਟੀਆਈ