ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਪੁਲੀਸ ਮੁਤਾਬਕ ਚੀਨ ਅਤੇ ਹਾਂਗਕਾਂਗ ਤੋਂ 5 ਲਿਟਰ ਦਾ ਆਕਸੀਜਨ ਕੰਸਨਟਰੇਟਰ 16 ਹਜ਼ਾਰ ਵਿੱਚ ਅਤੇ 9 ਲਿਟਰ ਦਾ 20 ਹਜ਼ਾਰ ਵਿੱਚ ਦਰਾਮਦ ਕਰਕੇ ਅੱਗੇ 70-70 ਹਜ਼ਾਰ ਵਿੱਚ ਵੇਚਣ ਵਾਲੇ ਨਵਨੀਤ ਕਾਲੜਾ ਦੇ ਵਿਦੇਸ਼ ਸੰਪਰਕਾਂ ਦਾ ਵੀ ਪੁਲੀਸ ਨੂੰ ਪਤਾ ਲੱਗਾ ਹੈ ਅਤੇ ਲੰਡਨ ਦੇ ਇੱਕ ਕਾਰੋਬਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਕਾਲੜਾ ਅਜੇ ਵੀ ਪੁਲੀਸ ਗ੍ਰਿਫ਼ਤ ਤੋਂ ਦੂਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਆਡੀਓ ਟੇਪ ਵੀ ਬਾਹਰ ਆਈ ਹੈ, ਜਿਸ ਵਿੱਚ ਉਹ ਆਕਸੀਜਨ ਕੰਸਨਟਰੇਟਰਾਂ ਸਬੰਧੀ 2 ਲੱਖ ਫੋਨ ਕਾਲਾਂ ਆਉਣ ਦੀ ਗੱਲ ਕਰ ਰਿਹਾ ਹੈ ਅਤੇ ਆਪਣੇ ਉਪਰ ਮਾਲ ਸਪਲਾਈ ਕਰਨ ਦੇ ਦਬਾਅ ਦਾ ਜ਼ਿਕਰ ਕਰ ਰਿਹਾ ਹੈ। ਆਡੀਓ ਮੁਤਾਬਕ ਉਹ ਖ਼ਾਨ ਮਾਰਕੀਟ ਵਿੱਚ ਆਕਸੀਜਨ ਕੰਸਨਟਰੇਟਰ ਪਏ ਹੋਣ ਦਾ ਜ਼ਿਕਰ ਵੀ ਕਰ ਰਿਹਾ ਹੈ। ਉਥੇ ਹੀ ਦਿੱਲੀ ਪੁਲੀਸ ਵੱਲੋਂ ਆਕਸੀਜਨ ਕੰਸਨਟਰੇਟਰਾਂ ਦੀ ਵੱਡੀ ਖੇਪ ਬਰਾਮਦ ਕਰਨ ਦੇ ਹੋਰ ਪਹਿਲੂਆਂ ਦੀ ਜਾਂਚ ਕਰਨ ਲਈ ਅਗਲੀ ਜਾਂਚ ਪੁਲੀਸ ਦੀ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕੁੱਲ ਤਿੰਨ ਨਾਮੀਂ ਰੇਸਤਰਾਂ ਵਿੱਚੋਂ 500 ਤੋਂ ਵੱਧ ਕੰਸਨਟਰੇਟਰ ਬਰਾਮਦ ਕੀਤੇ ਸਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਮਾਮਲਾ ਅਪਰਾਧ ਸ਼ਾਖਾ ਦੇ ਹਵਾਲੇ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲੀਸ ਨੇ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਲਈ ਪੁਲੀਸ ਹਿਰਾਸਤ ਵਿੱਚ ਭੇਜਿਆ ਗਿਆ।