ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਰਾਸ਼ਟਰੀ ਰਾਜਧਾਨੀ ਵਿਚ ਵੀਰਵਾਰ ਨੂੰ ਗਰਮ ਸਵੇਰ ਦੇਖਣ ਨੂੰ ਮਿਲੀ ਕਿਉਂਕਿ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 29.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਇਹ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਹੀਟਵੇਵ ਦੇ ਇੱਕ ਹੋਰ ਦੌਰ ਦੀ ਭਵਿੱਖਬਾਣੀ ਕੀਤੀ ਹੈ। ਵੀਰਵਾਰ ਨੂੰ ਮੁੱਖ ਤੌਰ ‘ਤੇ ਆਸਮਾਨ ਸਾਫ ਸੀ ਜਦੋਂਕਿ ਸ਼ੁੱਕਰਵਾਰ ਤੋਂ ਗਰਮੀ ਦੀ ਲਹਿਰ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਵੀਰਵਾਰ ਸਵੇਰੇ 8.30 ਵਜੇ ਨਮੀ 67 ਫੀਸਦੀ ਸੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਗਰਮੀ ਦੀ ਲਹਿਰ ਦੇ ਵਿਚਕਾਰ ਦਿੱਲੀ ਦੇ ਸਕੂਲਾਂ ਲਈ ਘਟਾਏ ਗਏ ਸਮੇਂ ਤੇ ਢਿੱਲੇ ਨਿਯਮਾਂ ਨੇ ਪਿਛਲੇ ਹਫਤੇ ਤੇਜ਼ ਗਰਮੀ ਤੋਂ ਕੁਝ ਰਾਹਤ ਦਿੱਤੀ ਸੀ। ਦਿੱਲੀ ਵਿੱਚ ਗਰਮ ਤੇ ਖੁਸ਼ਕ ਮਾਰਚ ਰਿਹਾ ਸੀ। ਅਪਰੈਲ ਵਿੱਚ 12.2 ਮਿਲੀਮੀਟਰ ਦੀ ਮਾਸਿਕ ਔਸਤ ਦੇ ਮੁਕਾਬਲੇ 0.3 ਮਿਲੀਮੀਟਰ ਬਾਰਿਸ਼ ਹੋਈ।