ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਕੈਬਨਿਟ ਨੇ ਦਿੱਲੀ ਵਿੱਚ ਵਿਧਾਇਕ ਫੰਡ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਸਾਲਾਨਾ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਹੁਣ ਦਿੱਲੀ ਦੇ ਵਿਧਾਇਕਾਂ ਨੂੰ ਹਰ ਸਾਲ ਵਿਧਾਇਕ ਫੰਡ ’ਚ 15 ਕਰੋੜ ਰੁਪਏ ਮਿਲਣਗੇ ਅਤੇ ਇਹ ਰਾਸ਼ੀ ਦੇਸ਼ ਹੋਰਨਾਂ ਸੂਬਿਆਂ ’ਚ ਵਿਧਾਇਕਾਂ ਨੂੰ ਮਿਲਦੇ ਫੰਡ ਨਾਲੋਂ ਕਈ ਗੁਣਾ ਵੱਧ ਹੈ। ਪ੍ਰੈੱਸ ਕਾਨਫਰੰਸ ’ਚ ਆਤਿਸ਼ੀ ਨੇ ਦੱਸਿਆ, ‘ਅੱਜ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਵਿਧਾਇਕ ਫੰਡ ਨਾਲ ਸਬੰਧਤ ਵੱਡਾ ਫੈਸਲਾ ਲਿਆ ਗਿਆ। ਲੋਕਤੰਤਰ ਵਿੱਚ ਐੱਮਐੱਲਏ ਫੰਡ ਦੀ ਬਹੁਤ ਮਹੱਤਤਾ ਹੁੰਦੀ ਹੈ, ਜਿਸ ਰਾਹੀਂ ਲੋਕ ਆਪਣੇ ਹਲਕੇ ਦੇ ਛੋਟੇ-ਵੱਡੇ ਵਿਕਾਸ ਕਾਰਜ ਆਪਣੇ ਵਿਧਾਇਕ ਰਾਹੀਂ ਕਰਵਾ ਸਕਦੇ ਹਨ।’ ਉਨ੍ਹਾਂ ਆਖਿਆ ਕਿ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਕਿਸੇ ਵੀ ਸਰਕਾਰ ਨੇ ਇੰਨਾ ਵਿਧਾਇਕ ਫੰਡ ਨਹੀਂ ਦਿੱਤਾ ਹੈ।