ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਦਿੱਲੀ ਵਿੱਚ ਤੇਜ਼ ਧੁੱਪ ਤੇ ਗਰਮੀ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਅੱਜ ਸ਼ਹਿਰ ਦਾ ਤਾਪਮਾਨ 47 ਡਿਗਰੀ ਸੈਲਸੀਅਸ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਰਾਸ਼ਟਰੀ ਰਾਜਧਾਨੀ ਲਈ ਕੋਈ ਰਾਹਤ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਨੇ ਐਤਵਾਰ ਸਵੇਰੇ ਯੈਲੋ ਅਲਰਟ ਜਾਰੀ ਕਰਦਿਆਂ ਦਿੱਲੀ ‘ਚ ਆਸਮਾਨ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਅਜਿਹੇ ਹੀ ਹਾਲਾਤ ਬਣੇ ਰਹਿਣ ਅਤੇ ਦਿੱਲੀ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਜ ਮੁੰਗੇਸ਼ਵਰ ਵਿੱਚ 47, ਜਾਫਰਪੁਰ ਵਿੱਚ 45.1, ਨਜਫਗੜ੍ਹ ਵਿੱਚ 46.3, ਰਿਜ ਵਿੱਚ 45.7 ਤੇ ਪੀਤਮਪੁਰਾ ਵਿੱਚ 46.2 ਤਾਪਮਾਨ ਡਿਗਰੀ ਸੈਲਸੀਅਸ ਦਰਜ ਕੀਤਾ। ਇਸ ਵਰ੍ਹੇ ਦੋ ਵਾਰ ਪਾਰਾ 49 ਤੇ 48 ਤੋਂ ਪਾਰ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦਿੱਲੀ ਨਾਲ ਲੱਗਦੇ ਖੇਤਰ ਗੁਰੂਗ੍ਰਾਮ ਵਿੱਚ ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਹਨ ਜਿੱਥੇ ਤਾਪਮਾਨ 48 ਨੂੰ ਪਾਰ ਕਰ ਗਿਆ ਹੈ। ਦੱਸਣਯੋਗ ਹੈ ਕਿ ਬੇਸ ਸਟੇਸ਼ਨ ਸਫਦਰਜੰਗ ਬਹੁਤ ਸਾਰੇ ਚੰਗੇ ਪਾਰਕਾਂ ਤੋਂ ਇਲਾਵਾ ਹਰੇ ਖੇਤਰਾਂ ਦੇ ਨੇੜੇ ਸਥਿਤ ਹੈ ਜਦੋਂ ਕਿ ਮੁੰਗੇਸ਼ਵਰ ਅਤੇ ਨਜਫਗੜ੍ਹ ਭੀੜ-ਭੜੱਕੇ ਵਾਲੇ ਖੇਤਰ ਹਨ ਜਿੱਥੇ ਕਾਫ਼ੀ ਗਿਣਤੀ ਵਿੱਚ ਗਰੀਬ ਲੋਕ ਹਨ। ਇਹ ਲੋਕ ਝੁੱਗੀਆਂ ਝੌਪੜੀਆਂ ਵਿੱਚ ਰਹਿੰਦੇ ਹਨ ਤੇ ਇਹੀ ਦਿੱਲੀ ਵਿੱਚ ਸਭ ਤੋਂ ਗਰਮੀ ਦਾ ਸ਼ਿਕਾਰ ਹੁੰਦੇ ਹਨ। ਪਿਛਲੇ ਦਿਨੀਂ ਮੀਂਹ ਨਾਲ ਆਏ ਝੱਖੜ ਨਾਲ ਜਿੱਥੇ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਸੀ, ਉਥੇ ਹੀ ਹੁਣ ਕੁਝ ਕੁ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਨੇ ਲੋਕਾਂ ਨੂੰ ਤਪਾ ਦਿੱਤਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।