ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਫਰਵਰੀ
ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਵਿੱਚ 1.54 ਲੱਖ ਬਿਨੈਕਾਰਾਂ ਵਿੱਚੋਂ 93 ਫੀਸਦੀ ਲੋਕਾਂ ਨੂੰ ਲਰਨਿੰਗ ਲਾਇਸੈਂਸ ਦਿੱਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 11 ਅਗਸਤ, 2021 ਨੂੰ ਡਰਾਈਵਿੰਗ ਲਾਇਸੈਂਸ ਤੇ ਵੱਖ-ਵੱਖ ਤਰ੍ਹਾਂ ਦੇ ਪਰਮਿਟਾਂ/ਸਰਟੀਫਿਕੇਟਾਂ ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੀਆਂ ‘’ਫੇਸ ਰਹਿਤ ਸੇਵਾਵਾਂ’’ ਦੀ ਸ਼ੁਰੂਆਤ ਕੀਤੀ। ਅਧਿਕਾਰਤ ਅੰਕੜਿਆਂ ਦੇ ਅਨੁਸਾਰ ਅਗਸਤ ਤੋਂ ਮੱਧ ਫਰਵਰੀ 2022 ਤੱਕ ਈ-ਲਰਨਿੰਗ ਲਾਇਸੈਂਸ ਲਈ ਕੁੱਲ 1,54,618 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਟੈਸਟ ਪਾਸ ਕਰਨ ਵਾਲੇ ਬਿਨੈਕਾਰਾਂ ਦੀ ਗਿਣਤੀ 1,45,124 ਸੀ। ਲਰਨਿੰਗ ਲਾਇਸੈਂਸ ਟੈਸਟ ਲਈ ਬਕਾਇਆ ਅਰਜ਼ੀਆਂ ਦੀ ਗਿਣਤੀ 3,410 ਸੀ। ਹੁਣ ਤੱਕ 85 ਫੀਸਦੀ ਤੋਂ ਵੱਧ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।