ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਇਸ ਵਰ੍ਹੇ ਸ਼ਹਿਰ ਦੀਆਂ ਫੈਕਟਰੀਆਂ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜਾਣਕਾਰੀ ਮੁਤਾਬਕ 26 ਮਈ ਤੱਕ ਇੱਥੇ 194 ਫੈਕਟਰੀਆਂ ਵਿੱਚ ਅੱਗ ਲੱਗ ਚੁੱਕੀ ਹੈ। ਅੱਗ ਬੁਝਾਊ ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਘਟਨਾਵਾਂ ਨਰੇਲਾ ਜਿਹੇ ਸਨਅਤੀ ਖੇਤਰਾਂ ਵਿੱਚ ਲੱਗੀਆਂ ਹਨ।
ਪਿਛਲੇ ਦੋ ਸਾਲਾਂ ਵਿੱਚ ਦਿੱਲੀ ਦੀਆਂ ਫੈਕਟਰੀਆਂ ਵਿੱਚ ਅੱਗ ਲੱਗਣ ਦੀਆਂ 800 ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਅਣ-ਅਧਿਕਾਰਤ ਫੈਕਟਰੀਆਂ ਅਤੇ ਗੁਦਾਮਾਂ ਵਿੱਚ ਵੱਡੇ ਪੱਧਰ ’ਤੇ ਘਟਨਾਵਾਂ ਵਾਪਰਨ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਸੁਧਾਰ ਲਈ ਢੁਕਵੇਂ ਕਦਮ ਨਹੀਂ ਚੁੱਕੇ ਗਏ। ਅਜਿਹੀਆਂ ਥਾਵਾਂ ’ਤੇ ਆਮ ਤੌਰ ’ਤੇ ਦਿੱਲੀ ਫਾਇਰ ਸਰਵਿਸ ਤੋਂ ਫਾਇਰ ਸੇਫਟੀ ਕਲੀਅਰੈਂਸ ਨਹੀਂ ਮਿਲੀ ਹੁੰਦੀ। ਜਨਵਰੀ ਵਿੱਚ ਅਲੀਪੁਰ ਦੀ ਇੱਕ ਫੈਕਟਰੀ ਵਿੱਚ ਲੱਗੀ ਅੱਗ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਫੈਕਟਰੀ ਮਾਲਕਾਂ ਨੇ ਸੰਭਾਵੀ ਖ਼ਤਰਿਆਂ ਬਾਰੇ ਜਾਗਰੂਕ ਹੋਣ ਦੇ ਬਾਵਜੂਦ ਜ਼ਰੂਰੀ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਸੀ। ਫਾਇਰ ਅਫਸਰ ਅਨੁਸਾਰ, ‘ਬਚਣ ਦਾ ਇੱਕ ਹੀ ਰਸਤਾ ਸੀ ਪਰ ਉਹ ਵੀ ਜਲਣਸ਼ੀਲ ਸਮੱਗਰੀ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਲੋਕਾਂ ਲਈ ਬਚਣਾ ਮੁਸ਼ਕਲ ਹੋ ਗਿਆ।’ ਫਾਇਰ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਗੰਭੀਰ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਇੱਕ ਫੈਕਟਰੀ ਦੀ ਇਮਾਰਤ ਅੰਦਰ ਕੰਪ੍ਰੈਸਰ ਫਟ ਜਾਂਦਾ ਹੈ ਜੋ ਅੱਗ ਨੂੰ ਹੋਰ ਫੈਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਵਿੱਚ ਮਾੜੀ ਹਵਾਦਾਰੀ ਕਾਰਨ ਵੀ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਹਰ ਫੈਕਟਰੀ ਵਿੱਚ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।