ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਦੇ ਤੁਗਲਕਾਬਾਦ ਵਿੱਚ ਤਹਿਖੰਡ ‘ਵੇਸਟ-ਟੂ-ਐਨਰਜੀ ਪਲਾਂਟ’ ਦਾ ਉਦਘਾਟਨ ਕੀਤਾ। ਸ੍ਰੀ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨੂੰ ‘ਆਪ ਨਿਰਭਰ’ ਬਣਾਉਣਾ ਚਾਹੁੰਦੀ ਹੈ ਜਦਕਿ ਭਾਜਪਾ ਕੌਮੀ ਰਾਜਧਾਨੀ ਨੂੰ ਆਤਮਨਿਰਭਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਐੱਮਸੀਡੀ ਚੋਣਾਂ ਵਿੱਚ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ। ਸ੍ਰੀ ਸ਼ਾਹ ਨੇ ਕੇਜਰੀਵਾਲ ਸਰਕਾਰ ’ਤੇ ਪਿਛਲੀਆਂ ਤਿੰਨ ਨਗਰ ਨਿਗਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿੱਲੀ ਸਰਕਾਰ ਵੱਲ ਨਗਰ ਨਿਗਮਾਂ ਦਾ 40,000 ਕਰੋੜ ਰੁਪਏ ਬਕਾਇਆ ਹੈ।
ਸ਼ਾਹ ਨੇ ਦੱਖਣੀ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਦੀਆਂ ਅਗਲੀਆਂ ਚੋਣਾਂ ਵਿੱਚ ਲੋਕਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ‘ਆਪ’ ਨਿਰਭਰ ਬਣਨਾ ਚਾਹੁੰਦੇ ਹਨ ਜਾਂ ਆਤਮਨਿਰਭਰ। ਉਨ੍ਹਾਂ ਕਿਹਾ ਕਿ 2025 ਤੱਕ ਦਿੱਲੀ ਦੇ ਕੂੜੇ ਦੇ ਪਹਾੜ ਦਿੱਲੀ ਨਗਰ ਨਿਗਮ ਦੀ ਮਦਦ ਨਾਲ ਹਟਾਏ ਜਾਣਗੇ ਤੇ ਭਵਿੱਖ ਵਿੱਚ ਅਜਿਹੇ ਢੇਰ ਨਹੀਂ ਦੇਣਗੇ।
‘ਆਪ’ ਸਰਕਾਰ ਉੱਤੇ ਚੋਣ ਪ੍ਰਚਾਰ ’ਤੇ ਭਾਰੀ ਖਰਚ ਕਰਨ ਦਾ ਦੋਸ਼ ਲਗਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਇਸ ਪ੍ਰਭਾਵ ਹੇਠ ਹਨ ਕਿ ਵਿਕਾਸ ਇਸ਼ਤਿਹਾਰਾਂ ਨਾਲ ਹੁੰਦਾ ਹੈ ਪਰ ਇਹ ਭਰਮ ਸਿਰਫ ਪੰਜ-ਸੱਤ ਸਾਲ ਹੀ ਰਹਿ ਸਕਦਾ ਹੈ। ਲੋਕਾਂ ਨੂੰ ਇਸ਼ਤਿਹਾਰ ਦੀ ਰਾਜਨੀਤੀ ਤੇ ਵਿਕਾਸ ਕੀ ਰਾਜਨੀਤੀ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਇਹ ਵੀ ਤੈਅ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪ੍ਰਚਾਰ ਦੀ ਰਾਜਨੀਤੀ ਪਸੰਦ ਹੈ ਜਾਂ ‘ਪਰਿਵਰਤਨ’ ਦੀ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰ ਰੋਜ਼ ਪ੍ਰੈੱਸ ਬਿਆਨ ਦਿੰਦੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਸੋਚਦੇ ਹਨ ਕਿ ਪ੍ਰੈੱਸ ਇੰਟਰਵਿਊ ਵਿਕਾਸ ਲਿਆਏਗੀ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ।
ਅਸਫ਼ਲਤਾ ਲਈ ‘ਬਹਾਨੇ ਨਾ ਬਣਾਓ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਆਪ’ ਉੱਤੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ 15 ਸਾਲਾਂ ਤੱਕ ਐੱਮਸੀਡੀ ਨੂੰ ਚਲਾਉਣ ਵਿੱਚ ਅਸਫਲ ਰਹਿਣ ਲਈ ‘ਬਹਾਨੇ ਨਾ ਬਣਾਉਣ। ਹਿੰਦੀ ਵਿੱਚ ਕੀਤੇ ਲੜੀਵਾਰ ਟਵੀਟਾਂ ਵਿੱਚ ‘ਆਪ’ ਦੇ ਸੁਪਰੀਮੋ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਕੂੜੇ ਨਾਲ ਭਰੀ ਦਿੱਲੀ ਚਾਹੁੰਦੇ ਹਨ ਜਾਂ ਇੱਕ ਸਾਫ਼ ਦਿੱਲੀ। ਕੇਜਰੀਵਾਲ ਨੇ ਹਿੰਦੀ ਵਿੱਚ ਪੋਸਟ ਕੀਤਾ, ‘‘ਜੋ ਕੁਝ ਤੁਸੀਂ 15 ਸਾਲਾਂ ਵਿੱਚ ਨਹੀਂ ਕਰ ਸਕੇ, ਹੁਣ ਤੁਸੀਂ ਉਸ ਲਈ ਤਿੰਨ ਸਾਲ ਹੋਰ ਚਾਹੁੰਦੇ ਹੋ? ਲੋਕ ਤੁਹਾਡੇ ’ਤੇ ਭਰੋਸਾ ਕਿਉਂ ਕਰਨ? ਤੁਸੀਂ ਰਹਿਣ ਦਿਓ। ਤੁਹਾਡੇ ਤੋਂ ਨਹੀਂ ਹੋਣਾ। ਹੁਣ ਅਸੀਂ ਦਿੱਲੀ ਨੂੰ ਕੂੜਾ ਮੁਕਤ ਬਣਾਵਾਂਗੇ।’’ ਕੇਜਰੀਵਾਲ ਨੇ ਆਪਣੇ ਜਵਾਬ ਵਿੱਚ ਲਿਖਿਆ, ‘‘ਕੇਂਦਰ ਸਰਕਾਰ ਨੇ ਐੱਮਸੀਡੀ ਨੂੰ 15 ਸਾਲਾਂ ਵਿੱਚ ਕਿੰਨੇ ਫੰਡ ਦਿੱਤੇ? ਨਿਗਮ ਦੇ ਨਾਲ ਕੇਂਦਰੀ ਵਿੱਚ ਵੀ ਭਾਜਪਾ ਸੱਤਾ ਵਿੱਚ ਸੀ? ਡਬਲ ਇੰਜਣ? ਆਪਣੀ ਅਸਫਲਤਾ ਦਾ ਬਹਾਨਾ ਨਾ ਬਣਾਓ।’’
ਦਿੱਲੀ ਵਾਲੇ ਜਾਣਦੇ ਨੇ ਭਾਜਪਾ ਕੁਝ ਨਹੀਂ ਕਰੇਗੀ: ਪਾਠਕ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਓਖਲਾ ਵਿੱਚ ਅਰਾਵਲੀ ਪਹਾੜੀ ਦੀ ਇੱਕ ਚੋਟੀ ’ਤੇ ਬਣੇ ਕੂੜੇ ਦੇ ਵੱਡੇ ਢੇਰ ਕੋਲ ਵੇਸਟ ਟੂ ਐਨਰਜੀ ਪ੍ਰਾਜੈਕਟ ਦਾ ਉਦਘਾਟਨ ਕਰਨ ਦੌਰਾਨ ਕੇਜਰੀਵਾਲ ਸਰਕਾਰ ਉੱਪਰ ਕੀਤੇ ਸ਼ਬਦੀ ਹਮਲੇ ਦਾ ਜਵਾਬ ਦਿੰਦੇ ਹੋਏ ‘ਆਪ’ ਦੇ ਐੱਮਸੀਡੀ ਇੰਚਾਰਜ ਤੇ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਸ੍ਰੀ ਸ਼ਾਹ ਆਪਣੇ ਭਾਸ਼ਣ ਦੌਰਾਨ ਇੱਕ ਗੱਲ ਤਾਂ ਇਮਾਨਦਾਰੀ ਨਾਲ ਕਹਿ ਗਏ ਹਨ ਕਿ ਹੁਣ ਦਿੱਲੀ ਵਾਲਿਆਂ ਨੂੰ ਕੂੜੇ ਦੇ ਢੇਰ ਖ਼ੁਦ ਹੀ ਸਾਫ਼ ਕਰਨੇ ਹਨ। ਸ੍ਰੀ ਪਾਠਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸ੍ਰੀ ਅਮਿਤ ਸ਼ਾਹ ਇਮਾਨਦਾਰੀ ਨਾਲ ਕਹਿ ਗਏ ਹਨ ਕਿ ਅਸੀਂ ਤੁਹਾਨੂੰ ਆਤਮ ਨਿਰਭਰ ਬਣਾਵਾਂਗੇ। ਆਤਮਨਿਰਭਰ ਦਾ ਮਤਲਬ ਹੈ ਕਿ ਕੂੜੇ ਦਾ ਪਹਾੜ ਖ਼ੁਦ ਹੀ ਸਾਫ਼ ਕਰ ਲੈਣਾ ਹੁਣ। ਉਸ ਵਿੱਚ ਐੱਮਸੀਡੀ ਕੁੱਝ ਨਹੀਂ ਕਰੇਗੀ ਤੇ ਭਾਜਪਾ ਕੁੱਝ ਨਹੀਂ ਕਰੇਗੀ। ਕੂੜਾ ਖ਼ੁਦ ਹੀ ਸਾਫ਼ ਕਰ ਲੈਣਾ। ਆਪ ਹੀ ਨਿਰਭਰ ਹੋ ਜਾਵੋ।’’ ਸ੍ਰੀ ਪਾਠਕ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਦਿੱਲੀ ਨੇ ਹਮੇਸ਼ਾ ਹਰਾਇਆ ਹੈ ਅਤੇ ਇਸ ਵਾਰ ਦੀ ਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਹਰ ਗੱਲ ਪਤਾ ਹੈ ਕਿ ਕੇਜਰੀਵਾਲ ਹੀ ਹਨ ਜੋ ਦਿੱਲੀ ਵਾਲਿਆਂ ਦਾ ਖ਼ਿਆਲ ਰੱਖਦੇ ਹਨ। ਐੱਮਸੀਡੀ ਕਾਰਨ ਦਿੱਲੀ ਦੀ ਬੇਇੱਜ਼ਤੀ ਦੇਸ਼ ਤੇ ਦੁਨੀਆਂ ਵਿੱਚ ਹੋ ਰਹੀ ਹੈ। ਗਲੀ-ਗਲੀ ਵਿੱਚ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਸਭ ਨੂੰ ਪਤਾ ਹੈ ਕਿ ਸ੍ਰੀ ਕੇਜਰੀਵਾਲ ਐੱਮਸੀਡੀ ਨੂੰ ਵੀ ਠੀਕ ਕਰ ਦੇਣਗੇ।