ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਬੀਤੇ ਦਿਨੀਂ ਅੱਗ ਲੱਗਣ ਕਰਕੇ ਡਿਸਪੈਂਸਰੀ ਦੇ ਕੁਝ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ ਜਿਸ ਦੇ ਬਾਅਦ ਅਸਥਾਈ ਤੌਰ ’ਤੇ ਉਥੇ ਡਿਸਪੈਂਸਰੀ ਚਲਾਈ ਜਾ ਰਹੀ ਸੀ। ਕਮੇਟੀ ਪ੍ਰਧਾਨ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੰਗਤਾਂ ਦੇ ਸਹਿਯੋਗ ਨਾਲ ਕੁਝ ਦਿਨਾਂ ਵਿਚ ਹੀ ਡਿਸਪੈਂਸਰੀ ਦੀ ਮੁੜ ਤੋਂ ਉਸਾਰੀ ਸ਼ੁਰੂ ਕਰਵਾ ਦਿੱਤੀ ਜਿਸ ਵਿਚ ਟੈਸਟਿੰਗ ਲੈਬ ਯੂਨਿਟ ਦਾ ਅੱਜ ਉਦਘਾਟਨ ਸੰਤ ਸੁਜਾਨ ਸਿੰਘ ਗੁਰਦੁਆਰਾ ਦੇ ਸੰਤ ਨਾਰਾਇਣ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਹਰਮਨਜੀਤ ਸਿੰਘ, ਬਲਦੀਪ ਸਿੰਘ ਰਾਜਾ ਤੋਂ ਇਲਾਵਾ ਗੁਰਦੁਆਰਾ ਸਾਹਿਬ ਕਮੇਟੀ ਦੇ ਜੀਐੱਸ ਭਾਟੀਆ, ਐੱਨਐੱਸ ਭਾਟੀਆ, ਸਤਨਾਮ ਸਿੰਘ ਬਜਾਜ, ਗੁਰਤੇਜ ਸਿੰਘ, ਰਾਜਾ ਬਖ਼ਸ਼ੀ ਮੌਜੂਦ ਸਨ। ਹਰਮਨਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੰਪੂਰਨ ਕਮੇਟੀ ਦੇ ਸਹਿਯੋਗ ਨਾਲ ਸਾਰੀਆਂ ਸੇਵਾਵਾਂ ਚਲ ਰਹੀਆਂ ਹਨ। ਉਨ੍ਹਾਂ ਖਾਸ ਤੌਰ ’ਤੇ ਬਲਦੀਪ ਸਿੰਘ ਰਾਜਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਸਹਿਯੋਗ ਨਾਲ ਪੂਰਾ ਇਕ ਮਹੀਨਾ ਮੋਤੀਆ ਬਿੰਦ ਦੇ ਅਪਰੇਸ਼ਨ ਮੁਫ਼ਤ ਕੀਤੇ ਗਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਜੋ ਸੰਦੇਸ਼ ਦਿੱਤਾ ਉਸੇ ’ਤੇ ਹੀ ਚੱਲਦੇ ਹੋਏ ਕਮੇਟੀ ਮਾਨਵਤਾ ਲਈ ਕਾਰਜ ਕਰ ਰਹੀ ਹੈ। ਕਮੇਟੀ ਦਾ ਇਹੀ ਮੰਤਵ ਰਹਿੰਦਾ ਹੈ ਕਿ ਸੰਗਤ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਇਸੇ ਦੇ ਚਲਦੇ ਡਿਸਪੈਂਸਰੀ ਵਿੱਚ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਟੀਮ ਲਗਾਈ ਗਈ ਹੈ। ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਮੋਤੀਆ ਬਿੰਦ ਦੇ ਅਪਰੇਸ਼ਨ ਤੇ ਟੈਸਟਿੰਗ ਲੈਬ ਵਿੱਚ ਹਰ ਤਰ੍ਹਾਂ ਦੇ ਟੈਸਟ ਬਹੁਤ ਹੀ ਘੱਟ ਕੀਮਤ ’ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਡਾਇਲਸਿਸ ਸੈਂਟਰ ਵਿੱਚ ਵੀ ਸਭ ਤੋਂ ਸਸਤੀ ਡਾਇਲਸਿਸ ਕੀਤੀ ਜਾਂਦੀ ਹੈ।