ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜਨਵਰੀ
ਦਿੱਲੀ ਵਿੱਚ ਜਨਤਕ ਟਰਾਂਸਪੋਰਟ ਨੈੱਟਵਰਕ ਨੂੰ ਵਧਾਉਣ ਦੇ ਉਦੇਸ਼ ਨਾਲ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਨਵੇਂ ਬੱਸ ਰੂਟ 711ਏ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਿੱਲੀ ਛਾਉਣੀ ਦੇ ਪੁਰਾਣੇ ਨੰਗਲ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਥਾਨਕ ਵਿਧਾਇਕ ਵਰਿੰਦਰ ਸਿੰਘ ਕਾਦੀਆਂ ਨਾਲ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਨਵੇਂ ਰੂਟ 711ਏ ’ਤੇ ਬੱਸਾਂ ਉੱਤਮ ਨਗਰ ਟਰਮੀਨਲ ਤੋਂ ਸਰਾਏ ਕਾਲੇ ਖਾਨ ਤੱਕ ਚੱਲਣਗੀਆਂ, ਜੋ ਵੱਖ-ਵੱਖ ਮਹੱਤਵਪੂਰਨ ਸਥਾਨਾਂ ਨੂੰ ਕਵਰ ਕਰਨਗੀਆਂ।
ਇਸ ਨਵੇਂ ਬੱਸ ਰੂਟ ਜਨਕਪੁਰੀ, ਤਿਲਕ ਪੁਲ, ਜੀਵਨ ਪਾਰਕ, ਡਾਬਰੀ ਕਰਾਸਿੰਗ, ਜਨਕ ਸਿਨੇਮਾ, ਦੇਸੂ ਕਲੋਨੀ, ਸਾਗਰਪੁਰ, ਪੁਰਾਣਾ ਨੰਗਲ ਅਤੇ ਕਿਰਬੀ ਪਲੇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਆਉਣ-ਜਾਣ ਵਿੱਚ ਆਸਾਨੀ ਹੋਵੇਗੀ। ਇਸ ਮੌਕੇ ਸ੍ਰੀ ਗਹਿਲੋਤ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨਾਲ ਜੁੜੇ ਲੋਕਾਂ ਦੀ ਮੰਜ਼ਿਲ ਨੂੰ ਸੌਖਾ ਬਣਾਉਂਦਾ ਹੈ। ਦਿੱਲੀ ਵਿੱਚ ਹਰ ਰੋਜ਼ ਲਗਭਗ 43 ਲੱਖ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਸ ਨਵੇਂ ਰੂਟ ਦੀ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ। ਗਹਿਲੋਤ ਨੇ ਕਿਹਾ ਕਿ ਦਸੰਬਰ 2023 ਤੱਕ ਦਿੱਲੀ ਸਰਕਾਰ ਕੋਲ 7,232 ਬੱਸਾਂ ਦਾ ਬੇੜਾ ਸੀ, ਜਿਸ ਵਿੱਚ ਡੀਟੀਸੀ 4,391 ਬੱਸਾਂ ਤੇ ਦਿੱਲੀ ਏਕੀਕ੍ਰਿਤ ਮਲਟੀ-ਮੋਡਲ ਟਰਾਂਜ਼ਿਟ ਸਿਸਟਮ (ਡੀਆਈਐੱਮਟੀਐਸ) ਦੀਆਂ 2,841 ਬੱਸਾਂ ਸ਼ਾਮਲ ਹਨ। ਵਰਤਮਾਨ ਵਿੱਚ 1300 ਇਲੈਕਟ੍ਰਿਕ ਬੱਸਾਂ ਦਿੱਲੀ ਵਾਸੀਆਂ ਦੀ ਸੇਵਾ ਵਿੱਚ ਹਨ। ਇਸ ਮਹੀਨੇ ਹੋਰ 500 ਬੱਸਾਂ ਜੋੜਨ ਦੀ ਯੋਜਨਾ ਹੈ। ਸਾਲ 2023 ਵਿੱਚ ਦਿੱਲੀ ਸਰਕਾਰ ਦੀਆਂ ਬੱਸਾਂ ਵਿੱਚ ਰੋਜ਼ਾਨਾ 41 ਲੱਖ ਲੋਕ ਸਫ਼ਰ ਕਰਦੇ ਸਨ। 31 ਦਸੰਬਰ 2023 ਤੱਕ ਕੁੱਲ 147.8 ਕਰੋੜ ਗੁਲਾਬੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਸਾਲ 2023 ਵਿੱਚ ਔਸਤਨ 10 ਲੱਖ ਮਹਿਲਾ ਯਾਤਰੀਆਂ ਨੇ ਗੁਲਾਬੀ ਟਿਕਟਾਂ ਦੀ ਵਰਤੋਂ ਕਰਕੇ ਹਰ ਰੋਜ਼ ਮੁਫ਼ਤ ਯਾਤਰਾ ਕੀਤੀ ਹੈ।