ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਨਵੰਬਰ
ਕੇਜਰੀਵਾਲ ਸਰਕਾਰ ਨੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਟੈਕਨਾਲੋਜੀ ਯੂਨੀਵਰਸਿਟੀ (ਡੀਟੀਯੂ) ਵਿੱਚ ਦੋ ਨਵੇਂ ਅਕਾਦਮਿਕ ਬਲਾਕ ਤਿਆਰ ਕੀਤੇ ਹਨ। ਤਕਨੀਕੀ ਸਿੱਖਿਆ ਮੰਤਰੀ ਆਤਿਸ਼ੀ ਨੇ ਅੱਜ ਇਨ੍ਹਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੀ ਮੌਜੂਦ ਸਨ। ਇਹ ਦੋਵੇਂ 8 ਮੰਜ਼ਿਲਾ ਅਕਾਦਮਿਕ ਬਲਾਕ ਲੈਬ, ਲੈਕਚਰ ਹਾਲ, ਫੈਕਲਟੀ ਰੂਮ, ਕਾਨਫਰੰਸ ਰੂਮ ਸਮੇਤ ਹੋਰ ਸਹੂਲਤਾਂ ਨਾਲ ਲੈਸ ਹਨ। ਆਤਿਸ਼ੀ ਨੇ ਦੱਸਿਆ ਕਿ ਨਵੇਂ 8 ਮੰਜ਼ਿਲਾ ਅਕਾਦਮਿਕ ਬਲਾਕਾਂ ਵਿੱਚ 5200 ਤੋਂ ਵੱਧ ਬੱਚੇ ਆਧੁਨਿਕ ਸਹੂਲਤਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਡੀਟੀਯੂ ਦੇ ਨਵੇਂ ਅਕਾਦਮਿਕ ਬਲਾਕ ਲੈਕਚਰ ਹਾਲ, ਫੈਕਲਟੀ ਰੂਮ, ਸ਼ਾਨਦਾਰ ਆਈਟੀ ਲੈਬ, ਕਾਨਫਰੰਸ ਰੂਮ ਸਮੇਤ ਸਾਰੀਆਂ ਸਹੂਲਤਾਂ ਨਾਲ ਲੈਸ ਹਨ। ਨਵੇਂ ਅਕਾਦਮਿਕ ਬਲਾਕਾਂ ਵਿੱਚ ਵਿਦਿਆਰਥੀਆਂ ਨੂੰ ਆਈਟੀ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਤਕਨੀਕੀ ਸਿੱਖਿਆ ਮਿਲੇਗੀ।
ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਕਰਦਿਆਂ ਕੇਜਰੀਵਾਲ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਡੀਟੀਯੂ ਵਿੱਚ ਸੀਟਾਂ ਦੀ ਗਿਣਤੀ 6000 ਤੋਂ ਵਧਾ ਕੇ 15,000 ਤੋਂ ਵੱਧ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਸਾਡੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਪੈਸੇ ਦੀ ਕਮੀ ਨਹੀਂ ਆਉਣ ਦੇਵੇਗੀ।
ਉਨ੍ਹਾਂ ਦੱਸਿਆ ਕਿ ਈਕੋ ਫਰੈਂਡਲੀ ਨਵੇਂ ਅਕਾਦਮਿਕ ਬਲਾਕ ਵਿੱਚ ਛੱਤ ਦੇ ਉੱਪਰ ਸੋਲਰ ਪੈਨਲ, ਮਾਡਿਊਲਰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਤੇ ਦੋਵੇਂ ਬਲਾਕਾਂ ਨੂੰ ਆਪਸ ਵਿੱਚ ਜੋੜਨ ਲਈ ਸਕਾਈ ਰੈਂਪ ਵੀ ਤਿਆਰ ਕੀਤਾ ਗਿਆ ਹੈ।