ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਇੱਥੋਂ ਦੀ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦਾ ਅੱਜ ਕਾਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਨੌਜਵਾਨਾਂ ਦੀ ਸਮਰੱਥਾ ਅਤੇ ਊਰਜਾ ਦੀ ਸਹੀ ਵਰਤੋਂ ਕਰੀਏ ਤਾਂ ਭਾਰਤ ਬਹੁਤ ਤਰੱਕੀ ਕਰੇਗਾ। ਦਿੱਲੀ ‘ਚ ਸਿੱਖਿਆ ਦੇ ਖੇਤਰ ‘ਚ ‘ਚੁੱਪ ਕ੍ਰਾਂਤੀ’ ਹੋ ਰਹੀ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਿੱਖਿਆ ਦੀ ਸਮੱਗਰੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕੀ ਉਹ ਜੋ ਪੜ੍ਹਾ ਰਹੇ ਹਨ ਉਸ ਤੋਂ ਬੱਚਿਆਂ ਨੂੰ ਨੌਕਰੀ ਮਿਲੇਗੀ ਜਾਂ ਨਹੀਂ। ਬੱਚਿਆਂ ਨੂੰ ਕਦੇ ਵੀ ਕਾਰੋਬਾਰ ਦੀ ਦਿਸ਼ਾ ਵਿੱਚ ਸੋਚਣ ਲਈ ਨਹੀਂ ਕਿਹਾ ਗਿਆ ਸੀ। ਕੇਜਰੀਵਾਲ ਨੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰ੍ਹਾਂ ਯੂਨੀਵਰਸਿਟੀ ‘ਚ ‘ਬਿਜ਼ਨਸ ਬਲਾਸਟਰ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਤਾਂ ਜੋ 11ਵੀਂ ਅਤੇ 12ਵੀਂ ਦੇ ਬੱਚੇ ਜਦੋਂ ਕਾਲਜ ਜਾਣ ਤਾਂ ਉਨ੍ਹਾਂ ਦੇ ਵਿਚਾਰ ਬੰਦ ਨਾ ਹੋਣ। ਯੂਨੀਵਰਸਿਟੀ ਵਿੱਚ ਹਰ ਬੱਚੇ ਨੂੰ ਕੰਮ ਕਰਨਾ ਚਾਹੀਦਾ ਹੈ ਕਿ ਉਹ ਅੱਗੇ ਕੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਸਾਨੂੰ ਤੰਗ ਕਰਨ ਲਈ ਸਾਰਾ ਸਿਸਟਮ ਬਣਾਇਆ ਸੀ। ਇਸ ਸਿਸਟਮ ਨੂੰ ਵੀ ਬਦਲਣਾ ਪਵੇਗਾ। ਜੇਕਰ ਸਾਰੇ ਮਿਲ ਕੇ ਦੇਸ਼ ਦੀ ਬਿਹਤਰੀ ਲਈ ਕੰਮ ਕਰੀਏ ਤਾਂ ਸਾਡੇ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਵਿਜੈ ਕੁਮਾਰ ਦੇਵ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਮਹੇਸ਼ ਵਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ। ਕਾਨਵੋਕੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਤੋਂ ਬਾਅਦ ਐਲਜੀ ਅਤੇ ਅਰਵਿੰਦ ਕੇਜਰੀਵਾਲ ਸਮੇਤ ਹੋਰ ਪਤਵੰਤਿਆਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਮਗਰੋਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਸਰਕਾਰ ਨੇ ਦਿੱਲੀ ਸਪੋਰਟਸ ਯੂਨੀਵਰਸਿਟੀ ਅਤੇ 2022 ਵਿੱਚ ਦਿੱਲੀ ਅਧਿਆਪਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਵਾਈਸ-ਚਾਂਸਲਰ ਮਹੇਸ਼ ਵਰਮਾ ਅਨੁਸਾਰ ਇਸ ਮੌਕੇ 205 ਪੀਐਚਡੀ ਸਮੇਤ 53,692 ਡਿਗਰੀਆਂ ਦਿੱਤੀਆਂ ਗਈਆਂ। ਇਸ ਵਿੱਚ 76 ਪੋਸਟ ਗ੍ਰੈਜੂਏਟ ਅਤੇ 97 ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ 173 ਸੋਨ ਤਗਮੇ ਵੀ ਦਿੱਤੇ ਗਏ, ਜਿਨ੍ਹਾਂ ਵਿੱਚ ਦੋ ਡਾ: ਬੀ.ਪੀ. ਜੋਸ਼ੀ ਗੋਲਡ ਮੈਡਲ ਅਤੇ ਇੱਕ ਐਸਾਰ ਪਾਵਰ ਗੋਲਡ ਮੈਡਲ ਤੋਂ ਇਲਾਵਾ ਦੋ ਡਾ.ਸਿਧਾਰਥ ਖਿਟੋਲੀਆ ਐਵਾਰਡ ਸ਼ਾਮਲ ਸੀ।