ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਪਰੈਲ
ਸੀਐੱਨਜੀ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਦਿਨੋਂ-ਦਿਨ ਹੋ ਰਹੇ ਵਾਧੇ ਖ਼ਿਲਾਫ਼ ਦਿੱਲੀ ਦੇ ਆਟੋ ਤੇ ਟੈਕਸੀ ਚਾਲਕਾਂ ਦੀਆਂ ਕਈ ਯੂਨੀਅਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ, ਉਥੇ ਹੀ ‘ਆਪ’ ਸਰਕਾਰ ਪੱਖੀ ਆਟੋ ਚਾਲਕ ਦਿੱਲੀ ਦੀਆਂ ਸੜਕਾਂ ਉਪਰ ਵੱਡੀ ਗਿਣਤੀ ਵਿੱਚ ਚੱਲਦੇ ਦੇਖੇ ਗਏ। ਅਜਿਹੇ ਆਟੋ ਚਾਲਕਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਟੋ-ਟੈਕਸੀ ਦੇ ਭਾੜੇ ਵਧਾਉਣ ਲਈ ਕਮੇਟੀ ਬਣਾਈ ਹੈ, ਉਸ ਦੀ ਉਡੀਕ ਕੀਤੀ ਜਾਵੇਗੀ।
ਦਿੱਲੀ ਵਿੱਚ ਸੀਐੱਨਜੀ ਦੀ ਮੌਜੂਦਾ ਕੀਮਤ 71.61 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਦਿੱਲੀ ਵਿੱਚ ਕਈ ਆਟੋ, ਕੈਬ ਅਤੇ ਟੈਕਸੀ ਡਰਾਈਵਰਾਂ ਦੀਆਂ ਐਸੋਸੀਏਸ਼ਨਾਂ ਨੇ ਸੋਮਵਾਰ ਨੂੰ ਦੋ ਦਿਨਾਂ ਦੀ ਹੜਤਾਲ ਸ਼ੁਰੂ ਕੀਤੀ। ਭਾਰਤੀ ਮਜ਼ਦੂਰ ਸੰਘ ਦੀ ਇਕਾਈ ਦਿੱਲੀ ਦੀ ਆਟੋ ਅਤੇ ਟੈਕਸੀ ਐਸੋਸੀਏਸ਼ਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਮੈਂਬਰ 18 ਅਤੇ 19 ਅਪਰੈਲ ਨੂੰ ਦਿੱਲੀ ਵਿੱਚ ਹੜਤਾਲ ਕਰਨਗੇ। ਐਸੋਸੀਏਸ਼ਨਾਂ ਨੇ ਦਿੱਲੀ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਅਤੇ ਕੈਬ ਤੇ ਆਟੋ ਦੇ ਕਿਰਾਏ ਵਧਾਉਣ ਲਈ ਕਿਹਾ ਹੈ।
ਦਿੱਲੀ ਸਰਕਾਰ ਨੇ ਡਰਾਈਵਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਸੂਬਾ ਸਰਕਾਰ ਨੇ ਸਮੇਂ ਸਿਰ ਕਿਰਾਏ ਵਿੱਚ ਸੋਧ ਕਰਨ ਦਾ ਫ਼ੈਸਲਾ ਕਰਨ ਲਈ ਇੱਕ ਕਮੇਟੀ ਵੀ ਬਣਾਈ ਸੀ। ਦਿੱਲੀ ਆਟੋ ਰਿਕਸ਼ਾ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਦਿੱਲੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।
ਸੋਨੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ 30 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੀਐੱਨਜੀ ਦੀਆਂ ਕੀਮਤਾਂ ’ਤੇ ਸਬਸਿਡੀ ਸਮੇਤ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।
ਉਨ੍ਹਾਂ ਅੱਗੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਰਾਏ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਇਸ ਨਾਲ ਜਨਤਾ ਪ੍ਰਭਾਵਿਤ ਹੋਵੇਗੀ।ਦਿੱਲੀ ਦੀ ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਗਿੱਲ ਨੇ ਕਿਹਾ, ‘‘ਜਦੋਂ ਸੀਐੱਨਜੀ ਅਤੇ ਪੈਟਰੋਲ ਦੀਆਂ ਕੀਮਤਾਂ ਪਿਛਲੇ ਸੱਤ ਸਾਲਾਂ ਤੋਂ ਵੱਧ ਰਹੀਆਂ ਹਨ ਪਰ ਕੈਬ ਦੇ ਕਿਰਾਏ 2015 ਤੋਂ ਨਹੀਂ ਵਧੇ। ਅਸੀਂ ਇਸ ਦਾ ਕਈ ਵਾਰ ਵਿਰੋਧ ਕੀਤਾ ਹੈ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।’’ ਗਿੱਲ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਧਰਨਾ ਬੰਦ ਨਹੀਂ ਕਰਨਗੇ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਮੈਂਬਰ ਮੰਗਲਵਾਰ ਤੋਂ ਲਖਨਊ, ਹੈਦਰਾਬਾਦ, ਕਲਕੱਤਾ ਅਤੇ ਮੁੰਬਈ ਵਿੱਚ ਹੜਤਾਲ ਕਰਨਗੇ। ਇਸ ਦੌਰਾਨ ਦਿੱਲੀ ਵਿੱਚ ਕਈ ਲੋਕਾਂ ਨੇ ਹੜਤਾਲ ਦੇ ਪਹਿਲੇ ਦਿਨ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ। ਹੜਤਾਲ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।
ਕਾਂਗਰਸ ਵੱਲੋਂ ਹੜਤਾਲ ਨੂੰ ਸਮਰਥਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਆਟੋ-ਟੈਕਸੀ ਕੈਬ ਡਰਾਈਵਰ ਯੂਨੀਅਨਾਂ ਨੇ ਮੋਦੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਬੇਲਗਾਮ ਤੇਲ ਕੰਪਨੀਆਂ ਵੱਲੋਂ ਪੈਟਰੋਲ, ਡੀਜ਼ਲ, ਸੀਐੱਨਜੀ ਦੀਆਂ ਕੀਮਤਾਂ ਵਿੱਚ ਬੇਕਾਬੂ ਵਾਧੇ ਵਿਰੁੱਧ ਰੋਸ ਪ੍ਰਗਟਾਇਆ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੋ ਦਿਨਾਂ ਹੜਤਾਲ ਦਾ ਸਮਰਥਨ ਕਰਦੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿੱਚ 9500 ਆਟੋ, 10 ਹਜ਼ਾਰ ਕਾਲੀਆਂ ਅਤੇ ਪੀਲੀਆਂ ਟੈਕਸੀਆਂ ਅਤੇ 70 ਹਜ਼ਾਰ ਤੋਂ ਵੱਧ ਐਪ ਆਧਾਰਿਤ ਟੈਕਸੀਆਂ ਚੱਲਦੀਆਂ ਹਨ, ਜੋ ਹੜਤਾਲ ਕਾਰਨ ਅਗਲੇ ਦੋ ਦਿਨਾਂ ਤੱਕ ਨਹੀਂ ਚੱਲਣਗੀਆਂ। ਅਨਿਲ ਕੁਮਾਰ ਨੇ ਕਿਹਾ ਕਿ ਅੱਜ ਵੀ ਆਟੋ ਟੈਕਸੀ ਯੂਨੀਅਨ ਦੇ ਨੁਮਾਇੰਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਲਈ ਧਰਨੇ ’ਤੇ ਬੈਠੇ ਹਨ ਪਰ ਕੇਜਰੀਵਾਲ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ, ਜਦੋਂਕਿ ਆਟੋ ਟੈਕਸੀ, ਐਪ ਆਧਾਰਿਤ ਟੈਕਸੀਆਂ ਹੜਤਾਲ ’ਤੇ ਹਨ। ਦਫ਼ਤਰ ਅਤੇ ਆਪਣੇ ਕੰਮ ਲਈ ਬਾਹਰ ਜਾਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਏਅਰਪੋਰਟ ’ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।