ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਕਤੂਬਰ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਦੀ ਸਿਖਿਆ ਦੀ ਵਰਤੋਂ ਕਿਵੇਂ ਕੀਤੀ ਜਾਵੇ। ਹੁਣ ਤੱਕ ਸਾਡੀ ਸਿੱਖਿਆ ਪ੍ਰਣਾਲੀ ਵਿਚ ਇਕੋ ਇਕ ਮਾਪਦੰਡ ਪੜ੍ਹਨਾ ਤੇ ਲਿਖਣ ਦੁਆਰਾ ਨੌਕਰੀ ਪ੍ਰਾਪਤ ਕਰਨਾ ਹੈ। ਇਹ ਇਕ ਪਾਸੜ ਵਿਚਾਰ ਹੈ ਜੋ ਬੱਚਿਆਂ ਵਿਚ ਸੀਮਤ ਰਵੱਈਏ ਦਾ ਕਾਰਨ ਬਣਦਾ ਹੈ। ਸ੍ਰੀ ਸਿਸੋਦੀਆ ਅਨੁਸਾਰ ‘ਉੱਦਮ ਕੋਰਸ’ ਰਾਹੀਂ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਅੰਦਰ ਨਵੀਂ ਸਮਝ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਸਿਸੋਦੀਆ ਨੇ ਇਹ ਗੱਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ‘ਐਂਟਰਪ੍ਰਾਇਨਰਸ਼ਿਪ ਮਾਈਂਡਸੈਟ ਕੁਰੀਕੁਲਮ’ ਅਧੀਨ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਦੌਰਾਨ ਉੱਦਮੀ ਕਿਰਨ ਮਜੂਮਦਾਰ ਸ਼ਾਅ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਸ੍ਰੀਮਤੀ ਮਜੂਮਦਾਰ ਬਾਇਓਕਨ ਲਿਮਟਿਡ ਦੀ ਕਾਰਜਕਾਰੀ ਚੇਅਰਪਰਸਨ ਤੇ ਮੈਡੀਕਲ ਉਦਯੋਗ ਦੀ ਉੱਦਮੀ ਹੈ। ਇਹ ਉੱਦਮੀ ਸੰਵਾਦ ਐਸਸੀਈਆਰਟੀ, ਦਿੱਲੀ ਵੱਲੋਂ ਕਰਵਾਇਆ ਗਿਆ। ਤਾਲਾਬੰਦੀ ਹੋਣ ਦੇ ਬਾਵਜੂਦ, ਸਰਕਾਰੀ ਸਕੂਲਾਂ ਵਿਚ ਉੱਨਤੀ ਸੰਵਾਦ ਪ੍ਰੋਗਰਾਮ ਆਨਲਾਈਨ ਜਾਰੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਮਜੂਮਦਾਰ ਨਾ ਸਿਰਫ ਇੱਕ ਕਾਰੋਬਾਰੀ ਹੈ ਬਲਕਿ ਉਸ ਨੇ ਮੈਡੀਕਲ ਸਾਇੰਸ ਵਿੱਚ ਵੀ ਮਹੱਤਵਪੂਰਨ ਕੰਮ ਕੀਤੇ ਹਨ। ਕਰੋਨਾ ਸੰਕਟ ਵਿੱਚ ਉਸ ਦਾ ਯੋਗਦਾਨ ਵੀ ਮਹੱਤਵਪੂਰਨ ਹੈ।