ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਫਰਵਰੀ
ਮਾਤਾ ਸੁੰਦਰੀ ਕਾਲਜ ਫਾਰ ਵਿਮੈਨ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਜ਼ੂਮ ਪਲੇਟਫਾਰਮ ’ਤੇ ਥੀਏਟਰ ਅਤੇ ਸਿਨੇਮਾ ਤੇ ਆਧਾਰਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਥੀਏਟਰ ਤੇ ਪੰਜਾਬੀ ਥੀਏਟਰ ਦੇ ਦੋ ਮਸ਼ਹੂਰ ਕਲਾਕਾਰ ਰਵੀ ਤਨੇਜਾ ਅਤੇ ਡਾ. ਕੁਲਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਰੰਭ ਵਿੱਚ ਡਾ. ਮਨੀਸ਼ਾ ਬਤਰਾ ਨੇ ਰਵੀ ਤਨੇਜਾ ਅਤੇ ਡਾ. ਕੁਲਜੀਤ ਸਿੰਘ ਨੂੰ ਸਾਰਿਆਂ ਦੇ ਰੂਬਰੂ ਕਰਵਾਇਆ। ਉਪਰੰਤ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਪ੍ਰੋਗਰਾਮ ’ਚ ਹਾਜ਼ਰ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਰਵੀ ਤਨੇਜਾ ਅਤੇ ਡਾ. ਕੁਲਜੀਤ ਸਿੰਘ ਦੀ ਪ੍ਰਾਪਤੀਆਂ ਬਾਰੇ ਦੱਸਿਆ। ਸ੍ਰੀ ਤਨੇਜਾ ਨੇ ਸਾਰਿਆਂ ਨਾਲ ਨਾਟਕ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਉਪਰੰਤ ਨਾਟਕ ਦੀਆਂ ਕਿਸਮਾਂ ਬਾਰੇ ਦੱਸਿਆ। ਉਨ੍ਹਾਂ ਨਾਟਕ ਨੂੰ ਪੇਸ਼ ਕਰਨ ਲਈ ਹਰ ਇਕ ਫੇਜ਼ ਬਾਰੇ ਸਮਝਾਉਂਂਦਿਆਂ ਦੱਸਿਆ ਕਿ ਨਾਟਕ ਵਿਚ ਸ਼ਬਦਾਂ ਅਤੇ ਕਲਾਕਾਰ ਦਾ ਕੀ ਮਹੱਤਵ ਹੈ ਅਤੇ ਕਿਵੇਂ ਇਕ ਸਟੇਜ ਨਾਟਕ ਨੂੰ ਰੰਗਮੰਚ ਵਿੱਚ ਬਦਲ ਦਿੰਦਾ ਹੈ ਹਰ ਛੋਟੀ ਛੋਟੀ ਚੀਜ਼ ਕਿੰਨੀ ਮਹੱਤਵਪੂਰਨ ਹੁੰਦੀ ਹੈ। ਨਾਲ ਹੀ ਇਹ ਵੀ ਕਿਹਾ ਕਿ ਇਕ ਨਾਟਕ ਲਈ ਸੱਭ ਤੋਂ ਮਹੱਤਵਪੂਰਨ ਉਸ ਦੇ ਦਰਸ਼ਕ ਹੁੰਦੇ ਹਨ।
ਤੀਜੇ ਵਰ੍ਹੇ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਡਾ. ਕੁਲਜੀਤ ਸਿੰਘ ਨਾਲ ਸਾਰਿਆਂ ਨੂੰ ਰੂਬਰੂ ਕਰਵਾਇਆ। ਕੁਲਜੀਤ ਸਿੰਘ ਨੇ ਆਪਣੇ ਸ਼ੁਰੂਆਤੀ ਦੌਰ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਆਪਣੇ ਕਾਲਜ ਵਿਚ ਆਪਣੇ ਅਧਿਆਪਕ ਡਾ. ਜਵੇਦ ਮਲਿਕ, ਬੀਐੱਸ. ਰਤਨ, ਬਿਕੇਸ਼੍ਰੋਏ ਤੋਂ ਕਲਾ ਬਾਰੇ ਸਿੱਖਿਆ। ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਲਾ ਨੂੰ ਪੇਸ਼ ਕਰਨ, ਰੰਗਮੰਚ ਦਾ ਰਾਹ ਕਿਵੇਂ ਅਪਣਾਇਆ ਜਾਵੇ ਤੇ ਸਟੇਜ ਨਾਲ ਪਿਆਰ ਕਿਵੇਂ ਕਰੀਏ ਆਦਿ ਵਿਸ਼ਿਆਂ ਬਾਰੇ ਬੜੇ ਹੀ ਸਹਿਜ ਢੰਗ ਨਾਲ ਸਮਝਾਇਆ। ਡਾ. ਮਨੀਸ਼ਾ ਬੱਤਰਾ ਨੇ ਵੀ ਰਵੀ ਤਨੇਜਾ ਅਤੇ ਡਾ. ਕੁਲਜੀਤ ਸਿੰਘ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਤਨੇਜਾ ਤੇ ਡਾ. ਕੁਲਜੀਤ ਸਿੰਘ ਨਾਲ ਸਵਾਲ ਜੁਆਬ ਵੀ ਕੀਤੇ। ਅੰਤ ’ਚ ਪੰਜਾਬੀ ਵਿਭਾਗ ਦੇ ਮੁਖੀ ਡਾ. ਇਕਬਾਲ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।