ਮਨਧੀਰ ਸਿੰਘ ਦਿਓਲ
ਨਵੀਂ ਦਿੱੱਲੀ, 7 ਨਵੰਬਰ
ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਲੋਕ ਸਵੇਰ ਦੀ ਸੈਰ ਤੋਂ ਗੁਰੇਜ਼ ਕਰਨ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿੱਲੀ ਧੁਆਂਖੀ ਧੁੰਦ ਨਾਲ ਘਿਰੀ ਰਹੀ ਅਤੇ ਹਵਾ ਦੀ ਗੁਣਵੱਤਾ ਦਾ ਪੱਧਰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਪੁੱਜ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਵੀਰਵਾਰ ਨੂੰ ਦਿੱਲੀ ਦੇ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਅੰਕ (ਏਕਿਊਆਈ) 350 ਤੋਂ ਉਪਰ ਦਰਜ ਕੀਤਾ ਗਿਆ, ਜੋ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਬੋਰਡ ਅਨੁਸਾਰ ਅੱਜ ਪੱਛਮੀ ਦਿੱਲੀ ਵਿੱਚ ਏਕਿਊਆਈ 354 (ਬਹੁਤ ਖਰਾਬ ਸ਼੍ਰੇਣੀ), ਭੀਮ ਨਗਰ ਵਿੱਚ 418 (ਗੰਭੀਰ), ਸ਼ਾਦੀਪੁਰ ਤੇ ਪੱਛਮੀ ਦਿੱਲੀ 385, ਸ਼ਿਵਾਜੀ ਪਾਰਕ ਵਿੱਚ 392 ਦਿੱਲੀ ਬਲਾਕ ਜੀ-3 ਵਿੱਚ 406 (ਗੰਭੀਰ), ਉੱਤਰੀ ਕੈਂਪਸ, ਡੀਯੂ, ਦਿੱਲੀ ਮਿਲਕ ਸਕੀਮ ਕਲੋਨੀ ਵਿੱਚ 371, ਮੰਦਰ ਮਾਰਗ ਤੇ ਕੇਂਦਰੀ ਦਿੱਲੀ ਵਿੱਚ 371 ਦਰਜ ਕੀਤਾ ਗਿਆ। ਇਸੇ ਤਰ੍ਹਾਂ ਵਜ਼ੀਰਪੁਰ, ਦਿੱਲੀ ਸ਼ਾਲੀਮਾਰ ਬਾਗ ਵਿੱਚ 426 (ਗੰਭੀਰ), ਅਸ਼ੋਕ ਵਿਹਾਰ, ਦਿੱਲੀ ਅਸ਼ੋਕ ਵਿਹਾਰ II ਵਿੱਚ 417, ਨਿਊ ਮੋਤੀ ਬਾਗ, ਨਵੀਂ ਦਿੱਲੀ ਵਿੱਚ 393 ਏਕਿਊਆਈ, ਆਰਕੇ ਪੁਰਮ ਵਿੱਚ 380 ਅਤੇ ਜਹਾਂਗੀਰਪੁਰੀ, ਉੱਤਰੀ ਪੱਛਮੀ ਦਿੱਲੀ ਵਿੱਚ 424 ਏਕਿਊਆਈ (ਗੰਭੀਰ) ਰਿਹਾ। ਅੱਜ ਧੂੰਏਂ ਦੀ ਪਰਤ ਨੇ ਅਕਸ਼ਰਧਾਮ ਮੰਦਿਰ ਨੂੰ ਘੇਰ ਲਿਆ ਤੇ ਲੋਕਾਂ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਦੀਵਾਲੀ ਦੌਰਾਨ ਵੀ ਅਜਿਹੀ ਹੀ ਸਥਿਤੀ ਬਣੀ ਸੀ। ਉਸ ਵੇਲੇ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਰਿਕਾਰਡ ਟੁੱਟ ਰਿਹਾ ਹੈ। ਸ਼ਹਿਰ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਦਿੱਲੀ ਦੇ ਸਕੂਲ ਬੰਦ ਹੋਣ ਬਾਰੇ ਕਈ ਸਵਾਲ ਉੱਠ ਰਹੇ ਹਨ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਕੁਝ ਦਿਨਾਂ ਲਈ ਸਕੂਲ ਬੰਦ ਕਰਨ ਦਾ ਫੈਸਲਾ ਕਰ ਸਕਦਾ ਹੈ। ਹਾਲਾਂਕਿ, ਫਿਲਹਾਲ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਲਈ ਸਕੂਲ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 18 ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਸਵੇਰੇ ਹਵਾ ਵਿੱਚ ਨਮੀ ਦੀ ਮਾਤਰਾ 94 ਫੀਸਦ ਦਰਜ ਕੀਤੀ ਗਈ।