ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਦੀ ਬਰੂਹਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ। ਭਾਵੇਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਵਾਪਿਸ ਲੈ ਲਏ ਹਨ ਫਿਰ ਵੀ ਖੇਤੀ ਨੂੰ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਵਿੱਚ ਜਥਿਆਂ ਦੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਜਨਵਾਦੀ ਇਸਤਰੀ ਸਭਾ ਪੰਜਾਬ ਐਡਵਾ ਦਾ ਜਥਾ ਕਮਲਜੀਤ ਕੌਰ ਰੰਧਾਵਾ, ਡਾਕਟਰ ਕਮਲਜੀਤ ਕੌਰ ਦੀ ਅਗਵਾਈ ਹੇਠ ਸਿੰਘੂ ਹੱਦ ’ਤੇ ਪਹੁੰਚਿਆ, ਜਿਸ ਦਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਮੇਜਰ ਸਿੰਘ ਪੁੰਨਾਵਾਲ, ਮਾਸਟਰ ਬਲਦੇਵ ਸਿੰਘ ਲਤਾਲਾ, ਬਲਜੀਤ ਸਿੰਘ ਗਰੇਵਾਲ, ਕਾਬਲ ਸਿੰਘ ਅਜਨਾਲਾ, ਬਚਨ ਸਿੰਘ, ਹਰਪਾਲ ਸਿੰਘ ਪੁਰਬਾ, ਸੁਰਜੀਤ ਸਿੰਘ ਢੇਰ ਨੇ ਜ਼ੋਰਦਾਰ ਸਵਾਗਤ ਕੀਤਾ।
ਇਸ ਜਥੇ ਨੇ ਕੁੱਲ ਹਿੰਦ ਕਿਸਾਨ ਸਭਾ ਦੇ ਝੰਡੇ ਲੈ ਕੇ ਖ਼ਾਲਸਾ ਐਡ ਕੋਲੋਂ ਪੈਦਲ ਮਾਰਚ ਸਟੇਜ ਵੱਲ ਨੂੰ ਕੀਤਾ। ਇਸ ਜਥੇ ਨੇ ਕਿਸਾਨਾਂ ਵਿੱਚ ਨਵੀਂ ਰੂਹ ਫੂਕੀ।
ਇਸ ਮੌਕੇ ਕਮਲਜੀਤ ਕੌਰ ਨੇ ਕਿਹਾ ਕਿ ਇਹ ਖੇਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਪੰਜਾਬ ਦੀਆਂ ਔਰਤਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਜਿਸ ਦਿਨ ਕਿਸਾਨ ਜਿੱਤ ਕੇ ਵਾਪਸ ਆਪਣੇ ਘਰਾਂ ਨੂੰ ਜਾਣਗੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਡਾਕਟਰ ਕਮਲਜੀਤ ਕੌਰ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਸੰਘੀ ਨੂੰ ਮਜ਼ਦੂਰਾਂ ਕਿਸਾਨਾਂ ਦਾ ਪਹਿਲੀ ਵਾਰ ਹੱਥ ਪਿਆ ਹੈ। ਦੁਨੀਆਂ ਭਰ ਦੇ ਲੋਕਾਂ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ ਹੈ। ਇਹ ਅੰਦੋਲਨ ਲੋਕਾਂ ਦੇ ਸਹਿਯੋਗ ਨਾਲ ਹੀ ਚਲਾਇਆ ਗਿਆ ਸੀ ਤੇ ਜਿੱਤ ਪ੍ਰਾਪਤ ਕੀਤੀ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਐੱਮਐੱਸਪੀ ’ਤੇ ਗਾਰੰਟੀ ਦਾ ਕਨੂੰਨ ਬਣੇ, ਲਖੀਮਪੁਰ ਖੀਰੀ ਦੇ ਕਥਿਤ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਕੀਤੀ ਜਾਵੇ, ਪੰਜ ਜੂਨ 2020 ਤੋਂ ਬਾਅਦ ਕਿਸਾਨਾਂ ਤੇ ਜਿੰਨੇ ਵੀ ਪਰਚੇ ਹੁਣ ਤੱਕ ਦਰਜ ਹੋਏ ਹਨ ਵਾਪਿਸ ਲਏ ਜਾਣ। ਹੁਣ ਤੱਕ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ। ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਜਿੱਤ ਕੇ ਛੇਤੀ ਹੀ ਵਾਪਿਸ ਆਪਣੇ ਘਰਾਂ ਨੂੰ ਜਾਣਗੇ। ਇਸ ਮੌਕੇ ਮਨਜੀਤ ਕੌਰ ਮੋਟੇ, ਰਜਿੰਦਰ ਕੌਰ ਬੀਣੇਵਾਲ, ਕੁਲਵੰਤ ਕੌਰ, ਬਲਵੀਰ ਕੌਰ, ਵੀਰ ਕੌਰ, ਜੋਗਿੰਦਰ ਕੌਰ ਮਾਨਾਂਵਾਲਾ ਆਦਿ ਹਾਜ਼ਰ ਸਨ।