ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੇ ਯੂਨਿਟ ਦਾ ਇਕ ਵੱਡਾ ਜਥਾ ਸਿੰਘੂ ਹੱਦ ’ਤੇ ਚੱਲ ਰਹੇ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਇਆ। ਜਿਸ ਵਿੱਚ ਔਰਤਾਂ ਸੈਂਕੜਿਆਂ ਦੀ ਗਿਣਤੀ ਸ਼ਾਮਲ ਸਨ। ਇਹ ਜਥਾ ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੀ ਆਗੂ ਬੀਬੀ ਕਮਲਜੀਤ ਕੌਰ ਰੰਧਾਵਾ ਦੀ ਅਗਵਾਈ ਹੇਠ ਸ਼ਾਮਲ ਹੋਇਆ। ਜਥੇ ਨੇ ਕੇ ਐਫ ਸੀ ਤੋਂ ਪੈਦਲ ਮਾਰਚ ਸ਼ੁਰੂ ਕਰ ਕੇ ਸਟੇਜ ਤੇ ਸਮਾਪਤ ਕੀਤਾ। ਜਥੇ ਦਾ ਸਵਾਗਤ ਕੁੱਲ ਹਿੰਦ ਕਿਸਾਨ ਸਭਾ ਦੇ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ, ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਬਲਦੇਵ ਸਿੰਘ ਲਤਾਲਾ,ਕਾਬਲ ਸਿੰਘ ਛੀਨਾ, ਜ਼ੋਰਾ ਸਿੰਘ ਨੇ ਕੀਤਾ। ਇਸ ਮੌਕੇ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬੀਬੀਆਂ ਦਾ ਹੁਣ ਤੱਕ ਵੀਹ ਜਥੇ ਪਹੁੰਚ ਚੁੱਕੇ ਹਨ। ਜਿਸ ਦੇ ਕਾਰਨ ਅੰਦੋਲਨ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਨੂੰ 11 ਮਹੀਨਿਆਂ ਦਾ ਸਮਾਂ ਹੋਣ ਵਾਲਾ ਹੈ ਪਰ ਮੋਦੀ ਦੀ ਸਰਕਾਰ ਟੱਸ ਤੋੰ ਮੱਸ ਨਹੀਂ ਹੋ ਰਹੀ ਹੈ। ਜਿਸ ਦੇ ਕਾਰਨ ਦੇਸ਼ ਦੇ ਲੋਕਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ ਪੂਰੇ ਦੇਸ਼ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਭਾਜਪਾ ਆਗੂਆਂ ਦਾ ਹਰ ਥਾਂ ਤੇ ਵਿਰੋਧ ਹੋ ਰਿਹਾ ਹੈ। ਬਲਦੇਵ ਸਿੰਘ ਲਤਾਲਾ ਨੇ ਕਿਹਾ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਸਪੁੱਤਰ ਆਸ਼ੀਸ਼ ਮਿਸ਼ਰਾ ਨੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀ ਸ਼ਬਦ ਹਮਦਰਦੀ ਦਾ ਨਹੀਂ ਕਿਹਾ। ਜਨਵਾਦੀ ਇਸਤਰੀ ਸਭਾ ਦੀ ਆਗੂ ਕਮਲਜੀਤ ਕੌਰ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫਾਹੇ ਲਗਾਇਆ ਜਾਵੇ। ਇਹ ਕਤਲੇਆਮ ਸੋਚੀ ਸਮਝੀ ਚਾਲ ਅਨੁਸਾਰ ਹੋਇਆ ਹੈ। ਅੱਜ ਕੇਂਦਰ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀਆਂ।
ਲਖੀਮਪੁਰ ਘਟਨਾ ਨੇ ਭਾਜਪਾ ਦੇ ਮਨ ’ਚ ਕਿਸਾਨਾਂ ਪ੍ਰਤੀ ਨਫ਼ਰਤ ਦਿਖਾਈ
ਰਤੀਆ(ਪੱਤਰ ਪ੍ਰੇਰਕ): ਸਾਬਕਾ ਕਾਂਗਰਸੀ ਵਿਧਾਇਕ ਜਰਨੈਲ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਖੱਟਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਡੰਡੇ ਮਾਰਨ ਅਤੇ ਲਖੀਮਪੁਰ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੇ ਮਨ ’ਚ ਕਿਸਾਨਾਂ ਪ੍ਰਤੀ ਗਹਿਰੀ ਨਫ਼ਰਤ ਹੈ। ਇਸ ਲਈ ਮੁਖ ਮੰਤਰੀ ਖੱਟਰ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈ ਕੇ ਕਿਸਾਨਾਂ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਅਤੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਕਰ ਕੇ ਕਿਸਾਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਸ਼ਰੇਆਮ ਸ਼ੋਸ਼ਲ ਮੀਡੀਆ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਅਜਿਹੇ ਬਿਆਨਾਂ ਨਾਲ ਮੁਖ ਮੰਤਰੀ ਸੂਬੇ ਅੰਦਰ ਦੰਗੇ ਕਰਵਾਉਣਾ ਚਾਹੁੰਦੇ ਹਨ। ਇਸ ਮੌਕੇ ਕਾਗਰਸੀ ਨੇਤਾ ਨਛੱਤਰ ਸਿੰਘ, ਬਲਵਿੰਦਰ ਸਿੰਘ ਖੋਖਰ, ਮਨਪ੍ਰੀਤ ਸਿੰਘ, ਗੁਰਿੰਦਰ ਪਾਲ ਸਿੰਘ ਕੁੱਕੂ , ਮਲਵੀਰ ਸਿੰਘ ਸੰਧੂ, ਰੋਹਤਾਸ਼, ਕਾਸ਼ੀ ਅਤੇ ਰਵਿੰਦਰ ਬਲਿਆਲਾ ਆਦਿ ਸਾਬਕਾ ਵਿਧਾਇਕ ਜਰਨੈਲ ਸਿੰਘ ਵੀ ਹਾਜ਼ਰ ਸਨ।