ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਕਈ ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਾ ਹੋਣ ਤੋਂ ਬਾਅਦ ਜੇਐੱਨਯੂ ਪ੍ਰਸ਼ਾਸਨ ਨੇ ਅੱਜ ਤੋਂ 150 ਤੋਂ ਵੱਧ ਸਫ਼ਾਈ ਤੇ ਮੈੱਸ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਆਲ ਇੰਡੀਆ ਜਨਰਲ ਕਾਮਗਾਰ ਯੂਨੀਅਨ, ਜੇਐਨਯੂ ਵਿੱਚ ਠੇਕੇ ’ਤੇ ਕੰਮ ਕਰ ਰਹੇ ਕਾਮਿਆਂ ਦੀ ਯੂਨੀਅਨ ਨੇ ਜੇਐਨਯੂ ਪ੍ਰਸ਼ਾਸਨ ਤੇ ਮਜ਼ਦੂਰ ਕਮਿਸ਼ਨ ਦੇ ਦਫ਼ਤਰ ਨੂੰ ਮਜ਼ਦੂਰੀ ਨਾ ਮਿਲਣ ਬਾਰੇ ਸੂਚਿਤ ਕੀਤਾ ਹੈ। ਵਿਦਿਆਰਥੀਆਂ ਤੇ ਕਾਮਿਆਂ ਨੇ ਅੱਜ ਡੀਨ ਆਫ਼ ਸਟੂਡੈਂਟਸ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਕਾਮਿਆਂ ਨੇ ਕੰਮ ਦਾ ਬਾਈਕਾਟ ਕਰਨ ਤੇ 5 ਮਈ ਤੋਂ ਡੀਨ ਆਫ ਸਟੂਡੈਂਟਸ ਦੇ ਦਫ਼ਤਰ ਵਿੱਚ ਅਣਮਿੱਥੇ ਸਮੇਂ ਲਈ ਬੈਠਣ ਦਾ ਫ਼ੈਸਲਾ ਕੀਤਾ ਹੈ।
ਸਟੂਡੈਂਟਸ ਦੇ ਡੀਨ ਸ੍ਰੀ ਸੁਧੀਰ ਸਿੰਘ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਮੈਸ ਤੇ ਸੈਨੀਟੇਸ਼ਨ ਦੋਵਾਂ ਕੰਮਾਂ ਦੀ ਹਰੇਕ ਸ਼ਿਫਟ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਈ ਜਾਵੇਗੀ।