ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਮੇਟੀ ਦੇ ਸਾਬਕਾ ਮੈਂਬਰ ਹਰਦੇਵ ਸਿੰਘ ਧਨੋਆ ਵੱਲੋਂ ਇਕ ਨਿੱਜੀ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਖਿਲਾਫ ਸਿਆਸਤ ਤੋਂ ਪ੍ਰੇਰਿਤ ਦੂਸ਼ਣਬਾਜ਼ੀ ਕਰਨ ‘ਤੇ ਲੀਗਲ ਨੋਟਿਸ ਭੇਜਿਆ। ਉਨ੍ਹਾਂ ਨੂੰ ਕਿਹਾ ਕਿ ਉਹ 5 ਦਿਨਾਂ ਦੇ ਅੰਦਰ-ਅੰਦਰ ਜਨਤਕ ਤੌਰ ‘ਤੇ ਮੁਆਫੀ ਮੰਗਣ ਜਾਂ ਫਿਰ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਸ੍ਰੀ ਕਾਲਕਾ ਨੇ ਆਪਣੇ ਵਕੀਲ ਕੁਲਵਿੰਦਰ ਸਿੰਘ ਰਾਹੀਂ ਭੇਜੇ ਨੋਟਿਸ ਵਿਚ ਕਿਹਾ ਕਿ ਧਨੋਆ ਨੇ ਦਾਖ਼ਲਿਆਂ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼, ਜੋ ਦੂਸ਼ਣਬਾਜ਼ੀ ਕੀਤੀ ਹੈ ਬਿਲਕੁਲ ਝੂਠ ਅਤੇ ਤੱਥਾਂ ਤੋਂ ਵਿਹੂਣੀ ਹੈ, ਜਿਸ ਦਾ ਮਕਸਦ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆ ਰਹੀਆਂ ਚੋਣਾਂ ਵਾਸਤੇ ਸਿਆਸੀ ਲਾਹਾ ਲੈਣਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਕਾਲਕਾ ਸਿੱਖ ਸੰਗਤ ਦੇ ਚੁਣੇ ਹੋਏ ਨੁਮਾਇੰਦੇ ਹਨ, ਜੋ 2013 ਅਤੇ ਫਿਰ 2017 ਵਿਚ ਕਮੇਟੀ ਮੈਂਬਰ ਚੁਣੇ ਗਏ ਤੇ ਫਿਰ ਜੁਆਇੰਟ ਸਕੱਤਰ ਰਹੇ ਤੇ ਹੁਣ ਜਨਰਲ ਸਕੱਤਰ ਹਨ ਜਿਹਨਾਂ ਨੇ ਸਿੱਖ ਕੌਮ ਵਾਸਤੇ ਵੱਡੀ ਸੇਵਾ ਕੀਤੀ ਹੈ, ਪਰ ਧਨੋਆ ਨੇ ਸਿਆਸਤ ਤੋਂ ਪ੍ਰੇਰਿਤ ਦੂਸ਼ਣਬਾਜ਼ੀ ਕਰ ਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਨੋਟਿਸ ਵਿਚ ਇਹ ਵੀ ਕਿਹਾ ਗਿਆ ਕਿ ਧਨੋਆ ਨੇ ਨਾ ਸਿਰਫ ਚੈਨਲ ਨੂੰ ਇੰਟਰਵਿਊ ਦਿੱਤੀ ਬਲਕਿ ਉਹ ਇੰਟਰਵਿਊ ਸੋਸ਼ਲ ਮੀਡੀਆ ‘ਤੇ ਪਾਈ ਅਤੇ ਵਟਸਐਪ ‘ਤੇ ਵੀ ਘੁੰਮਾਈ ਜਿਸ ਦਾ ਇਕਲੌਤਾ ਮਕਸਦ ਕਾਲਕਾ ਦਾ ਅਕਸ ਖਰਾਬ ਕਰਨਾ ਹੈ। ਇਸ ਵਿੱਚ ਧਨੋਆ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਮੁਆਫੀ ਨਾ ਮੰਗੀ ਤਾਂ ਫਿਰ ਕਾਲਕਾ ਇਸ ਮਾਮਲੇ ਵਿਚ ਅਦਾਲਤ ਵਿੱਚ ਕੇਸ ਦਾਇਰ ਕਰਨਗੇ।