ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਕਮੇਟੀ ਦੀ ਚੋਣ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਪਾਈ ਪਟੀਸ਼ਨ ’ਤੇ ਜੋ ਫ਼ੈਸਲਾ ਅਦਾਲਤ ਨੇ ਸੁਣਾਇਆ ਹੈ, ਉਹ ਸਰਨਾ ਭਰਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਤੇ ਹੁਣ ਵੀ ਸਰਨਾ ਭਰਾਵਾਂ ਨੂੰ ਸੰਗਤਾਂ ਦਾ ਫ਼ਤਵਾ ਸਵੀਕਾਰ ਕਰਦਿਆਂ ਸੱਚ ਬੋਲਣਾ ਸਿੱਖਣਾ ਚਾਹੀਦਾ ਹੈ। ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਨਾ ਭਰਾ ਪਿਛਲੇ ਚਾਰਮਹੀਨਿਆਂ ਤੋਂ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਰਹੇ ਸਨ ਤੇ ਆਖ ਰਹੇ ਸਨ ਕਿ ਇਹ ਕੁਝ ਦਿਨਾਂ ਦੀ ਕਮੇਟੀ ਹੈ। ਉਨ੍ਹਾਂ ਕਿਹਾ ਕਿ ਜੋ ਨਿਪਟਾਰਾ ਦਿੱਲੀ ਹਾਈ ਕੋਰਟ ਵਿੱਚ ਜੱਜ ਰੇਖਾ ਪੱਲੀ ਵੱਲੋਂ ਕੀਤਾ ਗਿਆ, ਉਸ ਨਾਲ ਸਰਨਾ ਭਰਾਵਾਂ ਦੇ ਮੂੰਹ ’ਤੇ ਕਰਾਰੀ ਚਪੇੜ ਵੱਜੀ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਸਰਨਾ ਭਰਾ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਕਬਜ਼ੇ ਦੇ ਇਲਜ਼ਾਮ ਲਾ ਰਹੇ ਸਨ ਤੇ ਅੱਜ ਜਦੋਂ ਉਨ੍ਹਾਂ ਨੂੰ ਅਦਾਲਤ ਦੇ ਫ਼ੈਸਲੇ ਦਾ ਪਹਿਲਾਂ ਤੋਂ ਅਹਿਸਾਸ ਹੋ ਗਿਆ ਤਾਂ ਉਹ ਪਹਿਲਾਂ ਹੀ ਚਲੇ ਗਏ। ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਨੇ ਸੰਗਤ ਦੇ ਫ਼ਤਵੇ ਨੂੰ ਨਹੀਂ ਸਵੀਕਾਰਿਆ ਤੇ ਅਦਾਲਤਾਂ ਦਾ ਰੁਖ਼ ਕੀਤਾ।