ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਸ਼ਿਵ ਦੇ ਭਗਤ ਜੋ ਕਾਂਵੜੀਏ ਬਣ ਕੇ ਹਰਿਦੁਆਰ ਤੇ ਹੋਰ ਧਾਰਮਿਕ ਸਥਾਨਾਂ ਤੋਂ ਕਾਂਵੜ ਲੈਣ ਜਾਂਦੇ ਹਨ, ਉਨ੍ਹਾਂ ਦੇ ਜਥੇ ਪਹਿਲਾਂ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਅੱਗੇ ਵਧਦੇ ਹਨ।
ਟਿਕਰੀ ਬਾਰਡਰ ਉਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ, ਜਿਸ ਮਗਰੋਂ ਹੀ ਉਹ ਆਪਣੇ ਕਾਫ਼ਲੇ ਨੂੰ ਅੱਗੇ ਤੋਰਦੇ ਹਨ। ਮੋਰਚੇ ਵਿੱਚ ਪੁੱਜੇ ਨੌਜਵਾਨ ਤਿਰੰਗੇ ਦੇ ਨਾਲ-ਨਾਲ ਕਿਸਾਨ ਯੂਨੀਅਨਾਂ ਦੇ ਝੰਡੇ ਲੈ ਕੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਾਅਰੇ ਲਾਉਂਦੇ ਹੋਏ ਜਾਂਦੇ ਹਨ। ਟਿਕਰੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਉਪਰ ਅੱਜ ਕਾਂਵੜ ਲੈਣ ਲਈ ਤੁਰੇ ਨੌਜਵਾਨਾਂ ਦੇ ਜਥੇ ਦਾ ਸਵਾਗਤ ਕੀਤਾ ਗਿਆ, ਜੋ ਪਿੱਛੋਂ ਹਰਿਆਣਾ ਤੇ ਹੋਰ ਇਲਾਕਿਆਂ ਤੋਂ ਆਇਆ ਹੋਇਆ ਸੀ। ਰਾਜਸਥਾਨ ਤੇ ਦੱਖਣੀ ਹਰਿਆਣਾ ਦੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਅਜਿਹੇ ਜਥਿਆਂ ਲਈ ਟਿਕਰੀ ਵਿੱਚ ਖਾਣੇ, ਪਾਣੀ ਤੇ ਅਰਾਮ ਕਰਨ ਦੇ ਆਰਜ਼ੀ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਕਈ ਸਰਕਾਰਾਂ ਨੇ ਇਸ ਵਾਰ ਕਾਂਵੜ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਹੈ, ਜਿਸ ਕਰਕੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਵਾਰ ਬਹੁਤੀ ਤਿਆਰੀ ਨਹੀਂ ਕੀਤੀ ਗਈ। ਟਿਕਰੀ ਬਾਰਡਰ ਦਾ ਮੋਰਚਾ ਕਾਂਵੜੀਆਂ ਦੇ ਪੈਦਲ ਰੂਟ ਵਿੱਚ ਆਉਂਦਾ ਹੈ, ਜਿਸ ਕਰਕੇ ਉਹ ਮੋਰਚੇ ਵਿੱਚ ਵੀ ਸ਼ਮੂਲੀਅਤ ਕਰ ਜਾਂਦੇ ਹਨ।