ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਵਿਸ਼ਵ ਪੰਜਾਬੀ ਸੰਸਥਾ ਨੇ ਕਾਬੁਲ ਗੁਰਦੁਆਰਾ ਸਾਹਿਬ ਵਿਚ ਅਣਪਛਾਤਿਆਂ ਦੀ ਘੁਸਪੈਠ ਦੀ ਨਿਖੇਧੀ ਕੀਤੀ ਹੈ। ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਵਿੱਚ 12 ਅਣਪਛਾਤਿਆਂ ਦੀ ਜ਼ਬਰਦਸਤੀ ਘੁਸਪੈਠ ਦੀ ਨਿਖੇਧੀ ਕਰਦਿਆਂ ਕਿਹਾ ਕਿ ਉੱਥੇ ਸਿੱਖ ਸੰਗਤ ਨੂੰ ਧਮਕਾਇਆ ਗਿਆ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਅਣਪਛਾਤਿਆਂ ਨੇ ਉੱਥੇ ਸੁਰੱਖਿਆ ਕੈਮਰੇ ਤੋੜ ਦਿੱਤੇ ਤੇ ਹੋਰ ਨੁਕਸਾਨ ਵੀ ਕੀਤਾ ਪਰ ਖੁਸ਼ਕਿਸਮਤੀ ਨਾਲ ਕਿਸੇ ਵੀ ਮਨੁੱਖੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ।
ਸ੍ਰੀ ਸਾਹਨੀ ਨੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਮਰੁਤਬਾ ਅਤੇ ਸੰਯੁਕਤ ਰਾਸ਼ਟਰ ਸੰਘ ਕੋਲ ਕਾਬੁਲ ਵਿੱਚ ਬਾਕੀ ਰਹਿੰਦੇ 180 ਅਫ਼ਗਾਨ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਛੇਤੀ ਉੱਥੋਂ ਕੱਢਣ ਦਾ ਪ੍ਰਬੰਧ ਕਰਨ। ਉਧਰ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਰਜਨ ਤੋਂ ਵੱਧ ਲੋਕ ਗੁਰਦੁਆਰੇ ਵਿੱਚ ਜਬਰੀ ਦਾਖ਼ਲ ਹੋਏ। ਅਜੇ ਤੱਕ ਪਤਾ ਨਹੀਂ ਲੱਗਾ ਕਿ ਉਹ ਕਿਹੜੇ ਲੋਕ ਹਨ। ਇਸ ਘਟਨਾ ਨਾਲ ਉੱਥੇ ਰਹਿੰਦੇ ਸਿੱਖਾਂ ਤੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਜਦੋਂ ਉੱਥੋਂ ਦੀ ਸਰਕਾਰ ਤੇ ਤਾਲਿਬਾਨੀ ਆਗੂਆਂ ਨਾਲ ਤਾਲਮੇਲ ਕੀਤਾ ਤਾਂ ਪਤਾ ਲੱਗਾ ਕਿ ਤਾਲਿਬਾਨੀ ਆਗੂਆਂ ਨੂੰ ਵੀ ਅਜਿਹੇ ਅਨਸਰਾਂ ਬਾਰੇ ਜਾਣਕਾਰੀ ਨਹੀਂ ਹੈ।