ਨਵੀਂ ਦਿੱਲੀ, 18 ਜੂਨ
ਕੌਮੀ ਰਾਜਧਾਨੀ ਵਿਚ ਕਰੋਨਾਵਾਇਰਸ ਲਾਗ ਦੀ ਤੀਜੀ ਸੰਭਾਵੀ ਲਹਿਰ ਤੋਂ ਨਿਪਟਣ ਲਈ ਤਿਆਰੀਆਂ ਤੇ ਕਾਰਜ ਯੋਜਨਾ ਬਾਰੇ ਚਰਚਾ ਕਰਨ ਲਈ ਅੱਜ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਕ ਮੀਟਿੰਗ ਕੀਤੀ ਗਈ।
ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘‘ਤੀਜੀ ਲਹਿਰ ਤੋਂ ਨਿਪਟਣ ਲਈ ਦਿੱਲੀ ਸਰਕਾਰ ਦੀ ਕਾਰਜ ਯੋਜਨਾ ਵਿਚ ਇਕ ਸੂਬਾ ਪੱਧਰੀ ਟਾਸਕ ਫੋਰਸ, ਵਧੇਰੇ ਸਿਹਤ ਮੁਲਾਜ਼ਮ ਅਤੇ ਬੱਚਿਆਂ ਦੇ ਇਲਾਜ ਲਈ ਇਕ ਵਿਸ਼ੇਸ਼ ਟਾਸਕ ਫੋਰਸ ਸ਼ਾਮਲ ਹੈ।’’ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੀਟਿੰਗ ਦੌਰਾਨ ਉਪ ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਬਿਸਤਰਿਆਂ ਤੇ ਆਕਸੀਜਨ ਦੇ ਪ੍ਰਬੰਧਨ, ਦਵਾਈਆਂ ਅਤੇ ਕੋਵਿਡ ਵਿਰੋਧੀ ਵੈਕਸੀਨ ਦੀ ਉਪਲੱਬਧਤਾ ਬਾਰੇ ਵੀ ਚਰਚਾ ਕੀਤੀ ਗਈ।
ਦਿੱਲੀ ਸਰਕਾਰ ਵੱਲੋਂ ਤੀਜੀ ਸੰਭਾਵੀ ਲਹਿਰ ਤੋਂ ਨਿਪਟਣ ਦੀ ਤਿਆਰੀ ਵਜੋਂ 5,000 ਨੌਜਵਾਨਾਂ ਨੂੰ ਡਾਕਟਰਾਂ ਤੇ ਨਰਸਾਂ ਦੀ ਸਹਾਇਤਾ ਲਈ ਸਿਖਲਾਈ ਦਿੱਤੀ ਜਾਵੇਗੀ। ਸਿਹਤ ਸਹਾਇਕਾਂ ਜਾਂ ਕਮਿਊਨਿਟੀ ਨਰਸਿੰਗ ਸਹਾਇਕਾਂ ਲਈ ਨਰਸਿੰਗ ਤੇ ਸਿਹਤ ਸੰਭਾਲ ਸਬੰਧੀ ਦੋ ਹਫ਼ਤਿਆਂ ਦੀ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ ਜੋ ਕਿ 500-500 ਉਮੀਦਵਾਰਾਂ ਦੇ ਬੈਚ ਵਿਚ ਦਿੱਤੀ ਜਾਵੇਗੀ ਅਤੇ ਇਹ ਸਿਖਲਾਈ 28 ਜੂਨ ਤੋਂ ਸ਼ੁਰੂ ਹੋਵੇਗੀ।
ਮਈ ਮਹੀਨੇ ਵਿਚ ਦਿੱਲੀ ਸਰਕਾਰ ਨੇ ਇਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੂੰ ਮੌਜੂਦਾ ਹਾਲਾਤ ਅਤੇ ਸ਼ਹਿਰ ਵਿਚ ਲੋੜੀਂਦੇ ਸਿਹਤ ਢਾਂਚੇ ਜਿਵੇਂ ਕਿ ਹਸਪਤਾਲਾਂ, ਆਕਸੀਜਨ ਪਲਾਂਟਾਂ ਤੇ ਦਵਾਈਆਂ ਦੀ ਸਪਲਾਈ ਸਬੰਧੀ ਮੁਲਾਂਕਣ ਕਰਨ ਤੋਂ ਬਾਅਦ ਕੋਵਿਡ-19 ਦੀ ਤੀਜੀ ਲਹਿਰ ਤੋਂ ਨਿਪਟਣ ਲਈ ਕਾਰਜ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਬਚਾਉਣ ਸਬੰਧੀ ਸੁਝਾਅ ਦੇਣ ਵਾਸਤੇ ਬੱਚਿਆਂ ਦੇ ਰੋਗਾਂ ਦੇ ਮਾਹਿਰਾਂ ਦੀ ਇਕ ਟਾਸਕ ਫੋਰਸ ਬਣਾਈ ਗਈ ਹੈ। ਦਿੱਲੀ ਵਿਚ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਅਤੇ ਲਿਵਰ ਬਿਲੀਅਰੀ ਸਾਇੰਸਿਜ਼ ਇੰਸਟੀਚਿਊਟ (ਆਈਐੱਲਬੀਐੱਸ) ’ਚ ਕਰੋਨਾ ਦੇ ਵੱਖ-ਵੱਖ ਰੂਪਾਂ ਦੀ ਪਛਾਣ ਕਰਨ ਵਾਸਤੇ ਦੋ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦਿੱਲੀ ਸਰਕਾਰ ਜ਼ਰੂਰੀ ਦਵਾਈਆਂ ਦਾ ਭੰਡਾਰ ਕਰਨ ਵੱਲ ਵੀ ਕੰਮ ਕਰ ਰਹੀ ਹੈ।
ਬੀਤੇ ਦਿਨੀਂ ਸ੍ਰੀ ਕੇਜਰੀਵਾਲ ਨੇ ਦਿੱਲੀ ਦੇ ਨੌਂ ਸਰਕਾਰੀ ਹਸਪਤਾਲਾਂ ਵਿਚ 22 ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ ਸੀ। ਇਸ ਤੋਂ ਇਲਾਵਾ ਜੁਲਾਈ ਤੱਕ 17 ਹੋਰ ਆਕਸੀਜਨ ਪਲਾਂਟ ਕਾਰਜਸ਼ੀਲ ਹੋਣੇ ਹਨ। -ਪੀਟੀਆਈ