ਨਵੀਂ ਦਿੱਲੀ, 20 ਨਵੰਬਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਸ਼ਰਾਬ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ’ਤੇ ਰੋਕ ਲਗਾਉਣ ਲਈ ਦਿੱਲੀ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ।
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਕੇਸ ਚਲਾਉਣ ਲਈ ਬਿਨਾਂ ਕਿਸੇ ਪੂਰਵ ਪ੍ਰਵਾਨਗੀ ਲਏ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਨੋਟਿਸ ਲਿਆ ਸੀ। ਕੇਜਰੀਵਾਲ ਦੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਨੂੰ ਬਿਨਾਂ ਮਨਜ਼ੂਰੀ ਦੇ ਈਡੀ ਦੀ ਇਸਤਗਾਸਾ ਸ਼ਿਕਾਇਤ ’ਤੇ ਨੋਟਿਸ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਉਹ ਕਥਿਤ ਮਨੀ ਲਾਂਡਰਿੰਗ ਮਾਮਲੇ ਸਮੇਂ ਜਨਤਕ ਅਹੁਦੇ ’ਤੇ ਸੀ। ਦੂਜੇ ਪਾਸੇ ਈਡੀ ਨੇ 21 ਮਾਰਚ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਸੰਮਨਾਂ ਦੀ ਤਾਮੀਲ ਨਾ ਕਰਨ ’ਤੇ ਅਦਾਲਤ ਦਾ ਰੁਖ ਕੀਤਾ ਸੀ। ਈਡੀ ਨੇ ਕਿਹਾ ਸੀ ਕਿ ਉਹ ਸੰਮਨ ਲੈਣ ਤੋਂ ਜਾਣਬੁੱਝ ਕੇ ਇਨਕਾਰੀ ਹੋ ਰਹੇ ਹਨ।