ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਨ੍ਹਾਂ ਦੀ ਮਰਿਆਦਾ ਨਹੀਂ ਸਗੋਂ ਉਨ੍ਹਾਂ ਦੀ ਮਜਬੂਰੀ ਹੈ। ਉਹ ਕੱਲ੍ਹ ਤੋਂ ਜਨਤਾ ਵਿੱਚ ਜਾਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਚੁਣੌਤੀ ਹੈ ਕਿ ਦਿੱਲੀ ਦੇ ਲੱਖਾਂ ਪਰਿਵਾਰਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੱਕਣ ਵਾਲੇ ਕੇਜਰੀਵਾਲ ਨੂੰ ਕੱਲ੍ਹ ਨੂੰ ਦਿੱਲੀ ਦੀਆਂ ਔਰਤਾਂ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਵਿੱਚ ਉਸ ਲੜਕੀ ਦੇ ਪਰਿਵਾਰ ਨੂੰ ਮਿਲਣ ਦੀ ਹਿੰਮਤ ਹੈ, ਜਿਸ ਦੇ ਪਿਤਾ ਨੇ ਉਸ ਦੀ ਪੜ੍ਹਾਈ ਦਾ ਪੈਸਾ ਸ਼ਰਾਬ ਖਰੀਦਣ ’ਤੇ ਖਰਚ ਕੀਤਾ ਸੀ, ਤਾਂ ਉਹ ਉਸ ਨਾਲ ਆਉਣ। ਅੱਜ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਉਸ ਦੇ ਭ੍ਰਿਸ਼ਟਾਚਾਰ ਦਾ ਹਿਸਾਬ ਮੰਗ ਰਹੇ ਹਨ, ਜਿਸ ਨੇ ਦਿੱਲੀ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ 2013-14 ਵਿੱਚ ਦਿੱਲੀ ਦੇ ਲੋਕਾਂ ਨੂੰ ਧੋਖਾ ਦਿੱਤਾ ਸੀ, ਹੁਣ ਉਸ ਦੀਆਂ ਚਾਲਾਂ ਕੰਮ ਨਹੀਂ ਆਉਣਗੀਆਂ ਅਤੇ ਉਹ ਦਿੱਲੀ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦੇਣ।
ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਲੋਕ ਪਹਿਲਾਂ ਜੇਲ੍ਹ ਤੋਂ ਬਾਹਰ ਆ ਕੇ ਜਸ਼ਨ ਮਨਾਉਣ ਅਤੇ ਫਿਰ ਅਸਤੀਫੇ ਦੀ ਗੱਲ ਕਰਨ ਵਰਗੀ ਸਿਆਸੀ ਡਰਾਮੇਬਾਜ਼ੀ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਇੱਕ ਅਜਿਹੀ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ ਜੋ ਦਿੱਲੀ ਵਿੱਚ ਡਰਾਮੇ ਰਚ ਰਹੀ ਹੈ ਅਤੇ ਦੇਖਣਾ ਇਹ ਹੈ ਕਿ ਇਸ ਦਾ ਡਰਾਮਾ ਕੀ ਰੰਗ ਦਿਖਾਏਗਾ।
ਕੇਜਰੀਵਾਲ ਦੀ ਹਉਮੈ ਦਿੱਲੀ ਦੀਆਂ ਸਮੱਸਿਆਵਾਂ ਤੋਂ ਵੱਡੀ: ਮਨੋਜ ਤਿਵਾੜੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ, ਤੁਹਾਨੂੰ ਕੋਈ ਵੀ ਅਜਿਹਾ ਮੁੱਖ ਮੰਤਰੀ ਨਹੀਂ ਮਿਲੇਗਾ ਜਿਸ ਨੂੰ ਅਦਾਲਤ ਵੱਲੋਂ ਉਸ ਦੇ ਅਹੁਦੇ ਤੋਂ ਹਟਾਇਆ ਗਿਆ ਹੋਵੇ। ਦੇਸ਼ ਵਿੱਚ ਕਾਨੂੰਨ ਅਤੇ ਸੰਵਿਧਾਨ ਦਾ ਰਾਜ ਹੈ। ਸੰਵਿਧਾਨ ਕਹਿੰਦਾ ਹੈ ਕਿ ਜੇ ਮੁੱਖ ਮੰਤਰੀ ਜੇਲ੍ਹ ਜਾਂਦੇ ਹਨ, ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਪਾਰਟੀ ਦਾ ਕੋਈ ਹੋਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕੇ। ਤਿਵਾੜੀ ਨੇ ਕਿਹਾ ਕਿ ਦਿੱਲੀ ਲਈ ਉਨ੍ਹਾਂ ਦੀ ਹਉਮੈ ਇਕ ਮਹੱਤਵਪੂਰਨ ਮੁੱਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਕੇਜਰੀਵਾਲ ਦੀ ਹਉਮੈ ਦਿੱਲੀ ਦੀਆਂ ਸਮੱਸਿਆਵਾਂ ਤੋਂ ਵੱਡੀ ਹੈ। ਕੇਜਰੀਵਾਲ ਦਾ ਜੋ ਨੁਕਸਾਨ ਹੋਇਆ ਹੈ, ਉਹ ਹੁਣ ਕਿਸੇ ਅਸਤੀਫ਼ੇ ਨਾਲ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨੂੰ ਜੋ ਜ਼ਮਾਨਤ ਮਿਲੀ ਸੀ, ਉਹ ਵੀ ਸ਼ਰਤ ਨਾਲ ਸੀ। ਅਦਾਲਤ ਨੇ ਜ਼ਮਾਨਤ ਦੌਰਾਨ ਉਨ੍ਹਾਂ ’ਤੇ ਪਾਬੰਦੀਆਂ ਲਗਾਈਆਂ ਹਨ ਕਿ ਉਹ ਦਫਤਰ ਨਹੀਂ ਜਾ ਸਕਦੇ, ਇਸ ਲਈ ਮੁੱਖ ਮੰਤਰੀ ਬਣਨ ਦਾ ਕੀ ਮਤਲਬ ਹੈ।