ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਕਤੂਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੌਮੀ ਰਾਜਧਾਨੀ ਦੇ ਰਾਜਘਾਟ ਡਿੱਪੂ ਤੋਂ ਸੜਕ ਸੁਰੱਖਿਆ ਤੇ ਬੱਸ ਲੇਨ ਲਾਗੂ ਕਰਨ ਲਈ 50 ਨਵੀਆਂ ਸੀਐੱਨਜੀ ਬੱਸਾਂ (ਏ.ਸੀ.) ਤੇ 66 ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟਰਾਂਸਪੋਰਟ ਵਿਭਾਗ ਦੇ ਐਨਫੋਰਸਮੈਂਟ ਵਿੰਗ ਦੀਆਂ 66 ਗੱਡੀਆਂ ਵਿੱਚ 30 ਇਨੋਵਾ ਕਾਰਾਂ ਅਤੇ 36 ਮੋਟਰਸਾਈਕਲ ਸ਼ਾਮਲ ਹਨ ਇਨ੍ਹਾਂ ਵਾਹਨਾਂ ਦੀ ਵਰਤੋਂ ਲੇਨ ਇਨਫੋਰਸਮੈਂਟ ਲਈ ਕੀਤੀ ਜਾਵੇਗੀ ਜੋ ਇਸ ਸਾਲ ਅਪਰੈਲ ’ਚ ਸ਼ੁਰੂ ਕੀਤੀ ਗਈ ਸੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਵੀਆਂ ਬੱਸਾਂ ਦੀ ਸ਼ੁਰੂਆਤ ਨਾਲ ਪੇਂਡੂ ਸੰਪਰਕ ਵਿੱਚ ਮਦਦ ਮਿਲੇਗੀ। ਦਿੱਲੀ ਵਿੱਚ ਪਹਿਲਾਂ ਹੀ 360 ਕਲੱਸਟਰ ਬੱਸ ਰੂਟ ਹਨ ਅਤੇ ਇਨ੍ਹਾਂ ਬੱਸਾਂ ਲਈ ਛੇ ਨਵੇਂ ਰੂਟ ਹੋਣਗੇ, ਜੋ ਮੁੱਖ ਤੌਰ ’ਤੇ ਪੇਂਡੂ ਖੇਤਰਾਂ ਨੂੰ ਪੂਰਾ ਕਰਨਗੇ। ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ ’ਤੇ ਹੁਣ ਤੱਕ ਸਭ ਤੋਂ ਵੱਧ 7,320 ਬੱਸਾਂ ਹਨ। ਇਨ੍ਹਾਂ ਬੱਸਾਂ ਵਿੱਚ 4,010 (ਐੱਨ) ਡੀਟੀਸੀ ਬੱਸਾਂ, 3,310 ਕਲੱਸਟਰ, ਅਤੇ 150 ਇਲੈਕਟ੍ਰਿਕ ਬੱਸਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਬੱਸਾਂ ਵਿੱਚ ਸੀਸੀਟੀਵੀ ਕੈਮਰੇ, ਜੀਪੀਐੱਸ ਤੇ ਪੈਨਿਕ ਬਟਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 1,500 ਇਲੈਕਟ੍ਰਿਕ ਬੱਸਾਂ ਲਈ ਟੈਂਡਰ ਜਾਰੀ ਕੀਤਾ ਹੈ ਤੇ ਨਵੰਬਰ 2023 ਤੱਕ ਕੁੱਲ 1,800 ਅਜਿਹੀਆਂ ਬੱਸਾਂ ਦਿੱਲੀ ਦੀਆਂ ਸੜਕਾਂ ’ਤੇ ਚੱਲਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ 2025 ਦੇ ਅੰਤ ਤੱਕ 80 ਫੀਸਦੀ (8,180 ਬੱਸਾਂ) ਇਲੈਕਟ੍ਰਿਕ ਬੱਸਾਂ ਨਾਲ 10,000 ਤੋਂ ਵੱਧ ਬੱਸਾਂ ਦਿੱਲੀ ਦੇ ਲੋਕਾਂ ਲਈ ਸੇਵਾ ਵਿੱਚ ਆਉਣਗੀਆਂ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਨਵੀਆਂ ਬੱਸਾਂ ਨਵੇਂ ਬਵਾਨਾ ਬੱਸ ਡਿੱਪੂ ਵਿਖੇ ਰੱਖੀਆਂ ਜਾਣਗੀਆਂ।
ਦਿੱਲੀ ਵਾਸੀਆਂ ਨੂੰ ਗੁਮਰਾਹ ਕਰ ਰਹੇ ਨੇ ਕੇਜਰੀਵਾਲ: ਕਾਂਗਰਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੜਕਾਂ ਲਈ 50 ਸੀਐੱਨਜੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਵਾਸੀਆਂ ਲਈ 10,000 ਬੱਸਾਂ ਹੋਣ ਦਾ ਇੱਕ ਵਾਰ ਫਿਰ ਦਾਅਵਾ ਕੀਤਾ ਹੈ, ਜੋ ਗੁੰਮਰਾਹਕੁਨ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ 1000 ਬੱਸਾਂ ਲਿਆਉਣ ਦੇ ਦਾਅਵੇ ਵਿੱਚ ਨਾਕਾਮ ਰਹਿਣ ਤੋਂ ਬਾਅਦ ਕੇਜਰੀਵਾਲ ਨਿੱਜੀ ਠੇਕੇਦਾਰਾਂ ਦੀਆਂ ਬੱਸਾਂ ਨੂੰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੱਸ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਅਸਲ ਵਿੱਚ 12 ਸਾਲ ਪੁਰਾਣੀਆਂ ਹੋਣ ਵਾਲੀਆਂ ਜ਼ਿਆਦਾਤਰ ਡੀਟੀਸੀ ਬੱਸਾਂ 7.50 ਲੱਖ ਕਿਲੋਮੀਟਰ ਦੀ ਸਮਰੱਥਾ ਪੂਰੀ ਕਰ ਕੇ ਦਿੱਲੀ ਦੀਆਂ ਸੜਕਾਂ ’ਤੇ ਚੱਲ ਰਹੀਆਂ ਹਨ ਜੋ ਕਿਸੇ ਸਮੇਂ ਵੀ ਖਤਰਨਾਕ ਸਾਬਤ ਹੋ ਸਕਦੀਆਂ ਹਨ।