ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਦਸੰਬਰ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਅੱਜ ਕਿਹਾ ਕਿ ਕੇਜਰੀਵਾਲ ਸਰਕਾਰ ਨੇ 15 ਦਸੰਬਰ ਤੋਂ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਨੂੰ ਮਹਿਜ਼ ਇੱਕ ਰਸਮੀ ਕਾਰਵਾਈ ਬਣਾ ਦਿੱਤਾ ਹੈ। ਇਸ ਸਰਕਾਰ ਕੋਲ ਜਨਤਾ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਸੈਸ਼ਨ ਸਿਰਫ ਦੋ ਦਿਨ ਲਈ ਰੱਖਿਆ ਗਿਆ ਹੈ ਤਾਂ ਜੋ ਜਨਤਾ ਦੇ ਹਿੱਤਾਂ ਅਤੇ ਸਮੱਸਿਆਵਾਂ ’ਤੇ ਚਰਚਾ ਨਾ ਹੋ ਸਕੇ। ਬਿਧੂੜੀ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਦੋ ਰੋਜ਼ਾ ਸਰਦ ਰੁੱਤ ਇਜਲਾਸ ਵਿੱਚ ਉਠਾਏ ਮੁੱਦਿਆਂ ’ਤੇ ਚਰਚਾ ਕੀਤੀ ਗਈ। ਬਾਅਦ ਵਿੱਚ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਵਿਧਾਇਕਾਂ ਨੇ ਮੰਗ ਕੀਤੀ ਕਿ ਸਰਦ ਰੁੱਤ ਇਜਲਾਸ ਘੱਟੋ-ਘੱਟ ਦਸ ਦਿਨ ਚੱਲਣਾ ਚਾਹੀਦਾ ਹੈ ਅਤੇ ਦਸ ਤੋਂ ਵੱਧ ਭਖਦੇ ਮੁੱਦਿਆਂ ’ਤੇ ਚਰਚਾ ਲਈ ਭਾਜਪਾ ਵਿਧਾਇਕਾਂ ਵੱਲੋਂ ਭੇਜੇ ਗਏ ਸਾਰੇ ਨੋਟਿਸਾਂ ’ਤੇ ਚਰਚਾ ਹੋਣੀ ਚਾਹੀਦੀ ਹੈ। ਭਾਜਪਾ ਵਿਧਾਇਕਾਂ ਨੇ ਮੁੱਖ ਮੰਤਰੀ ਮਹਿਲ ਦੀ ਉਸਾਰੀ ਵਿੱਚ ਸਰਕਾਰੀ ਖ਼ਜ਼ਾਨੇ ਦੀ ਬਰਬਾਦੀ, ਵਿਜੀਲੈਂਸ ਵਿਭਾਗ ਦੀਆਂ ਫਾਈਲਾਂ ’ਚ ਹੇਰਾ-ਫੇਰੀ ਦੀ ਕੋਸ਼ਿਸ਼, ਸਿਹਤ ਤੇ ਸਿੱਖਿਆ ਦੇ ਮੁੱਦਿਆਂ ’ਤੇ ਬਹਿਸ ਲਈ ਨੋਟਿਸ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਨੌਂ ਸਾਲਾਂ ਵਿੱਚ ਡੀਟੀਸੀ ਦੇ ਫਲੀਟ ਵਿੱਚ ਇੱਕ ਵੀ ਸੀਐੱਨਜੀ ਬੱਸ ਨਹੀਂ, ਪੰਜ ਸਾਲਾਂ ਵਿੱਚ ਡੀਟੀਸੀ ਦਾ 10 ਹਜ਼ਾਰ ਕਰੋੜ ਦਾ ਘਾਟਾ, ਪੈਨਿਕ ਬਟਨ ਦੇ ਨਾਮ ’ਤੇ ਕਰੋੜਾਂ ਦਾ ਘਪਲਾ ਵਰਗੇ ਮੁੱਦਿਆਂ ’ਤੇ ਚਰਚਾ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਚਰਚਾ ਹੋਵੇ ਕਿਉਂਕਿ ਸਿਰਫ਼ ਦਿੱਲੀ ਦੇ ਲੋਕ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਆਪਣੀ ਕਾਮਯਾਬੀ ’ਤੇ ਮਾਣ ਕਰਨ ਵਾਲੀ ਇਸ ਸਰਕਾਰ ਦੀ ਸੱਚਾਈ ਕੀ ਹੈ।’’