ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ
ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਡੀਟੀਸੀ ਬੱਸਾਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ। ਦਿੱਲੀ ਦੇ ਲੋਕਾਂ ਨੂੰ ਸੁਪਨੇ ਦਿਖਾਉਣ ਤੇ ਝੂਠੇ ਵਾਅਦੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਸਭ ਤੋਂ ਵੱਡਾ ਵਪਾਰੀ ਹੈ। ਉਨ੍ਹਾਂ ਨੇ ਕਈ ਵਾਅਦੇ ਕੀਤੇ ਪਰ ਇਹ ਚੋਣ ਡਰਾਮੇ ਵਜੋਂ ਹੀ ਹਨ, ਇਨ੍ਹਾਂ ਨੂੰ ਪੂਰਾ ਕਰਨ ਦੀ ਕਦੇ ਖੇਚਲ ਨਹੀਂ ਕੀਤੀ। ਪਿਛਲੇ 7 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਡੀਟੀਸੀ ਬੱਸਾਂ ਨੂੰ ਖਸਤਾ ਹਾਲਤ ਬਣਾ ਕੇ ਦਿੱਲੀ ਦੀ ਟਰਾਂਸਪੋਰਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਦਾ ਕੰਮ ਕੀਤਾ ਹੈ। ਅੱਜ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਗੁਪਤਾ ਨੇ ਕਿਹਾ ਕਿ 7 ਸਾਲ ਪਹਿਲਾਂ ਜਦੋਂ ਕੇਜਰੀਵਾਲ ਨੇ ਸੱਤਾ ਸੰਭਾਲੀ ਸੀ, ਉਸ ਸਮੇਂ ਦਿੱਲੀ ਵਿੱਚ ਡੀਟੀਸੀ ਬੱਸਾਂ ਦੀ ਗਿਣਤੀ 6500 ਸੀ ਤੇ ਉਸ ਸਮੇਂ ਉਨ੍ਹਾਂ ਨੂੰ ਬੱਸਾਂ ਘੱਟ ਲੱਗ ਰਹੀਆਂ ਸਨ ਤਾਂ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ 11000 ਨਵੀਆਂ ਡੀਟੀਸੀ ਬੱਸਾਂ ਅਤੇ ਇਲੈਕਟ੍ਰਿਕ ਬੱਸਾਂ ਦਿੱਤੀਆਂ ਜਾਣਗੀਆਂ ਪਰ ਅੱਜ 7 ਸਾਲਾਂ ਬਾਅਦ ਸਥਿਤੀ ਇਹ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ 3760 ਬੱਸਾਂ ਹੀ ਬਚੀਆਂ ਹਨ। ਇੱਕ ਆਰਟੀਆਈ ਤਹਿਤ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਬੱਸਾਂ ਖਰੀਦਣ ਦੀ ਬਜਾਏ 2000 ਤੋਂ ਵੱਧ ਬੱਸਾਂ ਵੇਚ ਦਿੱਤੀਆਂ ਹਨ। ਗੁਪਤਾ ਨੇ ਕਿਹਾ ਕਿ ਜਦੋਂ ਬੱਸਾਂ ਦੀ ਗਿਣਤੀ 6500 ਤੋਂ ਘੱਟ ਕੇ 3760 ਹੋ ਗਈ ਹੈ ਤਾਂ ਬਾਕੀ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਕਿੱਥੇ ਗਏ? ਸਰਕਾਰ ਨੇ ਉਨ੍ਹਾਂ ਲਈ ਕੀ ਕੀਤਾ? ਇਸ ਦਾ ਵੇਰਵਾ ਸਰਕਾਰ ਦੇਵੇ। ਜਦੋਂ ਕਿ ਅੱਜ ਦਿੱਲੀ ਵਿੱਚ 15000 ਬੱਸਾਂ ਦੀ ਲੋੜ ਹੈ। ਇਸ ਦੇ ਨਾਲ ਹੀ ਡੀਟੀਸੀ ਕਰਮਚਾਰੀਆਂ ਦੀ ਤਨਖਾਹ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਅਜਿਹਾ ਤਾਂ ਨਹੀਂ ਕਿ ਕੇਜਰੀਵਾਲ ਸਰਕਾਰ ਦੇ ਮੰਤਰੀ ਉਨ੍ਹਾਂ ਸਾਰੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੇ ਪੈਸੇ ਆਪਣੀਆਂ ਜੇਬਾਂ ਵਿੱਚ ਭਰ ਰਹੇ ਹਨ।
ਕੇਜਰੀਵਾਲ ਸਿਰਫ਼ ਝੂਠੇ ਵਾਅਦੇ ਕਰਦੈ: ਕਾਂਗਰਸ
ਕਾਂਗਰਸ ਆਗੂ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਬੁਲਾਰੇ ਡਾ. ਨਰੇਸ਼ ਕੁਮਾਰ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਸਿਰਫ਼ ਝੂਠੇ ਵਾਅਦੇ ਹੀ ਕਰਦੇ ਹਨ ਤੇ ਕਦੇ ਵੀ ਆਪਣੇ ਵਾਅਦੇ ਪੂਰੇ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਪੰਜਾਬ, ਉਤਰਾਖੰਡ ਤੇ ਗੋਆ ਦਾ ਦੌਰਾ ਕਰਕੇ ਲੋਕਾਂ ਨਾਲ ਅਜਿਹੇ ਵਾਅਦੇ ਕਰ ਰਹੇ ਹਨ। ਇੱਥੋਂ ਦੇ ਪਿੰਡ ਹੀਰਾਨਾਕੁਡਨਾ ਵਿੱਚ ਆਪਣੇ ਨਿਵਾਸ ਸਥਾਨ ’ਤੇ ਕਰਵਾਈ ਪੰਚਾਇਤ ਨੂੰ ਸੰਬੋਧਨ ਕਰਦਿਆਂ ਡਾ. ਕੁਮਾਰ ਨੇ ਕਿਹਾ ਕਿ ਲੋਕਾਂ ਨਾਲ ਵਾਅਦੇ ਕਰਨਾ ਸ੍ਰੀ ਕੇਜਰੀਵਾਲ ਦੀ ਪੁਰਾਣੀ ਆਦਤ ਰਹੀ ਹੈ ਅਤੇ ਇਸੇ ਕਰਕੇ ਲੋਕ ਉਨ੍ਹਾਂ ਨੂੰ ਐਲਾਨ ਮੁੱਖ ਮੰਤਰੀ ਕਹਿਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਤੰਬਰ ’ਚ ਹੋਈ ਭਾਰੀ ਬਾਰਿਸ਼ ਕਾਰਨ ਦਿੱਲੀ ਦੇ ਕਈ ਪਿੰਡਾਂ ’ਚ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਏਕੜ ਰਕਬੇ ’ਚ ਫਸਲਾਂ ਤਬਾਹ ਹੋ ਗਈਆਂ ਸਨ ਤੇ ਉਸ ਸਮੇਂ ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਛੇਤੀ ਮੁਆਵਜ਼ਾ ਦਿੱਤਾ ਜਾਵੇ ਪਰ ਚਾਰ ਮਹੀਨੇ ਹੋ ਗਏ ਹਨ ਤੇ ਉਨ੍ਹਾਂ ਕਿਸਾਨਾਂ ਨੂੰ ਇੱਕ ਰੁਪਿਆ ਵੀ ਨਹੀਂ ਮਿਲਿਆ ਹੈ, ਉਹ ਬਿਆਨਬਾਜ਼ੀ ਨਾਲ ਲੋਕਾਂ ਨੂੰ ਧੋਖਾ ਦੇ ਰਿਹਾ ਹੈ।