ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਈ
ਕਰੋਨਾ ਦੀ ਤੀਜੀ ਲਹਿਰ ਦੇ ਖਦਸ਼ਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਬੈਠਕ ਕੀਤੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ। ਇਸ ਦੌਰਾਨ ਤੀਜੀ ਲਹਿਰ ਦੇ ਬੱਚਿਆਂ ’ਤੇ ਮਾਰੂ ਅਸਰ ਹੋਣ ਬਾਰੇ ਪ੍ਰਗਟਾਏ ਜਾ ਰਹੇ ਕੌਮਾਂਤਰੀ ਪੱਧਰ ਦੇ ਖਦਸ਼ਿਆਂ ਕਰਕੇ ਇੱਕ ਟਾਸਕ ਫੋਰਸ ਕਾਇਮ ਕੀਤੀ। ਇਸ ਤੋਂ ਇਲਾਵਾ ਬਿਸਤਰਿਆਂ, ਆਕਸੀਜਨ ਤੇ ਦਵਾਈਆਂ ਬਾਰੇ ਪਹਿਲਾਂ ਤੋਂ ਹੀ ਤਿਆਰੀਆਂ ਕਰਨ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ। ਇਸ ਦੌਰਾਨ ਸ੍ਰੀ ਕੇਜਰਵਾਲ ਨੇ ਕਿਹਾ ਕਿ ਆਕਸੀਜਨ ਦੀ ਹੰਗਾਮੀ ਹਾਲਾਤਾਂ ਵਿੱਚ ਲੋੜ ਹੋਣ ਦੀ ਸੂਰਤ ਵਿੱਚ ਹੋਰ ਸੂਬਿਆਂ ’ਤੇ ਨਿਰਭਰ ਨਾ ਰਹਿਣਾ ਪਵੇ ਇਸ ਲਈ ਰਾਜ ਅੰਦਰ ਹੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਬੈਠਕ ਵਿੱਚ ਮਨੀਸ਼ ਸਿਸੋਦੀਆ, ਮੁੱਖ ਸੱਕਤਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਬੈਠਕ ਵਿਚ ਤੀਜੀ ਲਹਿਰ ਨਾਲ ਨਜਿੱਠਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵੱਡੀ ਪੱਧਰ ’ਤੇ ਤਿਆਰੀ ਉਤੇ ਜ਼ੋਰ ਦਿੱਤਾ। ਹਸਪਤਾਲਾਂ ਵਿੱਚ ਲੋੜੀਂਦੇ ਬਿਸਤਰਿਆਂ ’ਤੇ ਵਿਚਾਰ ਵਟਾਂਦਰਾਂ ਵੀ ਕੀਤਾ। ਇਸ ਦੌਰਾਨ ਅੰਦਾਜ਼ਾ ਲਾਇਆ ਕਿ ਤੀਜੀ ਲਹਿਰ ਦੇ ਦੌਰਾਨ ਲਗਪਗ 40 ਹਜ਼ਾਰ ਬਿਸਤਰੇ ਲੋੜੀਂਦੇ ਹੋ ਸਕਦੇ ਹਨ, ਜਿਸ ਲਈ ਪਹਿਲਾਂ ਤੋਂ ਤਿਆਰ ਰਹਿਣਾ ਪਏਗਾ। ਇਨ੍ਹਾਂ ਵਿਚੋਂ 10 ਹਜ਼ਾਰ ਦੇ ਕਰੀਬ ਆਈਸੀਯੂ ਬੈੱਡ ਹੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਟਾਸਕ ਫੋਰਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਰ ਵੀ ਸ਼ਾਮਲ ਹੋਣਗੇ। ਇਹ ਟਾਸਕ ਫੋਰਸ ਬੱਚਿਆਂ ‘ਤੇ ਕਰੋਨਾ ਦੇ ਪ੍ਰਭਾਵ, ਇਸ ਪ੍ਰਭਾਵ ਨੂੰ ਕਿਵੇਂ ਘਟਾਉਣਾ ਤੇ ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾਉਣਾ ਹੈ ਸਮੇਤ ਹੋਰ ਪਹਿਲੂਆਂ ‘ਤੇ ਗੌਰ ਕਰੇਗੀ। ਮੀਟਿੰਗ ਵਿੱਚ ਆਕਸੀਜਨ ਅਤੇ ਦਵਾਈਆਂ ਦੇ ਪ੍ਰਬੰਧਨ ਬਾਰੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਆਕਸੀਜਨ ਅਤੇ ਦਵਾਈਆਂ ਦਾ ਪਹਿਲਾਂ ਤੋਂ ਪ੍ਰਬੰਧ ਕਰਨਾ ਪਏਗਾ, ਜਿਸ ਦੀ ਨਿਗਰਾਨੀ ਲਈ ਅਧਿਕਾਰੀਆਂ ਦੀ ਕਮੇਟੀ ਬਣਾਈ ਜਾਵੇਗੀ। ਦਿੱਲੀ ਸਰਕਾਰ ਪਹਿਲਾਂ ਹੀ ਆਕਸੀਜਨ ਟੈਂਕਰਾਂ ਦੀ ਖਰੀਦ ਕਰੇਗੀ ਤੇ ਵੱਡੀ ਗਿਣਤੀ ਵਿੱਚ ਆਕਸੀਜਨ ਸਿਲੰਡਰ ਵੀ ਖਰੀਦੇ ਜਾਣਗੇ ਤਾਂ ਜੋ ਵੱਖ-ਵੱਖ ਹਸਪਤਾਲਾਂ ਵਿੱਚ ਆਕਸੀਜਨ ਪਹੁੰਚਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਵੱਖ-ਵੱਖ ਹਸਪਤਾਲਾਂ ਵਿੱਚ ਲਗਾਏ ਜਾ ਰਹੇ ਆਕਸੀਜਨ ਪਲਾਂਟ ਸਮੇਂ ਸਿਰ ਮੁਕੰਮਲ ਕੀਤੇ ਜਾਣ ਤੇ ਆਕਸੀਜਨ ਭੰਡਾਰਨ ਨੂੰ ਵੀ ਯਕੀਨੀ ਬਣਾਇਆ ਜਾਵੇੇ।
ਉਪ ਰਾਜਪਾਲ ਵੱਲੋਂ ਕਾਲੀ ਉੱਲੀ ਦੀ ਦਵਾਈ ਮੁਹੱਈਆ ਕਰਵਾਉਣ ਦੀ ਹਦਾਇਤ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਾਲੀ ਉੱਲੀ ਨਾਲ ਜੁੜੀਆਂ ਦਵਾਈਆਂ ਤੇ ਟੀਕੇ ਮੁਹੱਈਆ ਕਰਵਾਉਣ ਲਈ ਕਦਮ ਪੁੱਟਣ। ਉਪ ਰਾਜਪਾਲ ਨੇ ਡੀ-2ਜੀ ਦੀ ਸ਼ੁਰੂਆਤ ਦੌਰਾਨ ਲੋੜ ਮੁਤਾਬਕ ਪ੍ਰਬੰਧ ਕਰਨ ਦੀ ਹਦਾਇਤ ਸਬੰਧਤ ਅਧਿਕਾਰੀਆਂ ਨੂੰ ਕੀਤੀ। ਸ੍ਰੀ ਬੈਜਲ ਦੀ ਪ੍ਰਧਾਨਗੀ ਹੇਠ ਕੋਵਿਡ-19 ਨਾਲ ਜੁੜੇ ਪ੍ਰਬੰਧਾਂ ਦੀ ਸਮੀਖਿਆ ਦੌਰਾਨ ਉਨ੍ਹਾਂ ਕਿਹਾ ਕਿ ਕਾਲੀ ਉੱਲੀ ਨਾਲ ਸਬੰਧਤ ਦਵਾਈਆਂ ਮੁਹੱਈਆ ਹੋਣ ਅਤੇ ਲੋਕਾਂ ਦੀ ਸਹੀ ਤੇ ਡਾਕਟਰੀ ਨਜ਼ਰੀਏ ਤੋਂ ਤੈਅ ਜ਼ਰੂਰਤ ਮੁਤਾਬਕ ਨਵੇਂ ਸ਼ੁਰੂ ਕੀਤੇ ਗਏ ਡੀ-2 ਜੀ ਰਾਹੀਂ ਨਿਗਰਾਨੀ ਕੀਤੀ ਜਾਵੇ। ਸੂਤਰਾਂ ਮੁਤਾਬਕ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਦਿੱਲੀ ਵਿੱਚ ਆਕਸੀਜਨ ਦੇ ਪਲਾਂਟ ਲਾਉਣ ਲਈ ਲੋੜੀਂਦੇ ਅਮਲ ਪੂਰੇ ਕੀਤੇ ਜਾਣ ਅਤੇ ਉਪਰੋਕਤ ਸਹੂਲਤਾਂ ਲਈ ਸਬੰਧਤ ਬੁਨਿਆਦੀ ਢਾਂਚੇ ਦੀ ਤਿਆਰੀ ਸਮਾਂ ਸੀਮਾ ਤੈਅ ਕੀਤੀ ਜਾਵੇ। ਉਨ੍ਹਾਂ ਦਵਾਈਆਂ ਦੇ ਥੋਕ, ਪ੍ਰਚੂਨ ਭਾਅ ਤੇ ਮੁਹੱਈਆ ਭੰਡਾਰ ਵੀ ਪੇਸ਼ ਕਰਨ ਬਾਰੇ ਹੁਕਮ ਦਿੱਤੇ। ਇਸ ਦੌਰਾਨ ਐੱਲਜੀ ਨੇ ਮਜ਼ਦੂਰਾਂ ਨੂੰ ਲੌਕਡਾਊਨ ਦੀ ਸ਼ੁਰੂਆਤ ਦੌਰਾਨ ਐਲਾਨੀ ਰਕਮ ਸਹੀ ਸਮੇਂ ਪੁੱਜ ਦੀ ਕਰਨ ਅਤੇ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਣ ਨਾਲ ਸਬੰਧਤ ਵੇਰਵੇ ਰੋਜ਼ਾਨਾ ਜਾਰੀ ਕਰਨ ਸਣੇ ਹੋਰ ਲੋੜੀਂਦੀ ਸਮੱਗਰੀ ਪਹੁੰਚਾਉਣ ਦੇ ਵੀ ਹੁਕਮ ਦਿੱਤੇ। ਉਪ ਰਾਜਪਾਲ ਨੇ ਮੀਟਿੰਗ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਟੈਸਟਿੰਗ ਪ੍ਰਕਿਰਿਆ ਡਿੱਗਣੀ ਨਹੀਂ ਚਾਹੀਦੀ, ਕਿਉਂਕਿ ਤਾਲਾਬੰਦੀ ਕਾਰਨ ਐਂਟੀਜਨ ਟੈਸਟਾਂ ਵਿੱਚ ਗਿਰਾਵਟ ਆਈ ਸੀ। ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਸ਼ਾਮਲ ਹੋਏ।