ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰਟੀਓ ਦਫ਼ਤਰ ਨੂੰ ਜਿੰਦਰਾ ਲਗਾ ਕੇ ‘ਬੇਦਾਗ਼’ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਟਰਾਂਸਪੋਰਟ ਵਿਭਾਗ ਵਿਚ ਰਿਸ਼ਵਤਖੋਰੀ, ਲੰਬੀਆਂ ਕਤਾਰਾਂ ਅਤੇ ਟਾਊਟਾਂ ਤੋਂ ਦਿੱਲੀ ਵਾਸੀਆਂ ਨੂੰ ਮੁਕਤ ਕੀਤਾ ਹੈ। ਹੁਣ ‘ਆਰਟੀਓ’ ਦਫ਼ਤਰ ਜਾਣ ਤੇ ਕਤਾਰ ’ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਲਰਨਿੰਗ ਲਾਇਸੈਂਸ ਤੋਂ ਲੈ ਕੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਤੱਕ, ਟਰਾਂਸਪੋਰਟ ਵਿਭਾਗ ਦੇ ਸਾਰੇ ਕੰਮ, ਹੁਣ ਘਰ ਬੈਠੇ ਹੀ ਇਸ ਨੂੰ ਆਨਲਾਈਨ ਕਰ ਸਕਣਗੇ। ਇਹ 21ਵੀਂ ਸਦੀ ਦੇ ਭਾਰਤ ਦੇ ਨਿਰਮਾਣ ਵੱਲ ਇੱਕ ਕ੍ਰਾਂਤੀਕਾਰੀ ਕਦਮ ਹੈ। ਹੌਲੀ-ਹੌਲੀ, ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ’ਚ ਹਰ ਚੀਜ਼ ਨੂੰ ਨਿਰਵਿਘਨ ਬਣਾ ਦਿੱਤਾ ਜਾਵੇਗਾ।
ਕੇਜਰੀਵਾਲ ਨੇ ਅੱਜ ਆਈਪੀ ਸਟੇਟ ਵਿਚ ਟਰਾਂਸਪੋਰਟ ਵਿਭਾਗ ਦੇ ਜ਼ੋਨਲ ਦਫ਼ਤਰ ’ਚ ਹੋਏ ਇੱਕ ਪ੍ਰੋਗਰਾਮ ਦੌਰਾਨ ‘ਫੇਸਲੈੱਸ’ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਆਰਟੀਓ ਦਫ਼ਤਰ ਨੂੰ ਤਾਲਾ ਲਗਾ ਕੇ ਸੰਕੇਤ ਦਿੱਤਾ ਕਿ ਹੁਣ ਕਿਸੇ ਵੀ ਕੰਮ ਲਈ ਆਰਟੀਓ ਦਫ਼ਤਰ ਨਹੀਂ ਆਉਣਾ ਪਵੇਗਾ। ਇਸ ਦੌਰਾਨ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ, ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਟਰਾਂਸਪੋਰਟ) ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
2018 ਵਿੱਚ ਇੱਕ ਪ੍ਰਮੁੱਖ ਸੁਧਾਰ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਸੀ। ਇਸ ’ਚ ਬਹੁਤ ਕੁਝ ਕੀਤਾ ਗਿਆ ਹੈ ਕਿ ਵਿਭਾਗ ਉਹੀ ਰਿਹਾ, ਇੱਥੇ ਐਮਐਲਓ ਸਨ, ਆਰਟੀਓ ਸਨ, ਦਫ਼ਤਰ ਸਨ, ਫਾਈਲਾਂ ਸਨ, ਸਭ ਕੁਝ ਉੱਥੇ ਸੀ ਪਰ ਹੁਣ ਇਹ ਹੋ ਗਿਆ ਹੈ ਕਿ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ। ਹੁਣ 1076 ਤੇ ਕਾਲ ਕਰੋ, ਏਜੰਟ ਤੁਹਾਡੇ ਘਰ ਆਵੇਗਾ ਤੇ ਉਹ ਸਾਰੇ ਕਾਗਜ਼ਾਤ ਲੈ ਲਵੇਗਾ। ਉਹ ਅਰਜ਼ੀ ਫਾਰਮ ਭਰ ਦੇਵੇਗਾ। ਦਿੱਲੀ ਦੇ ਹੋਰ ਵਿਭਾਗਾਂ ਵਿੱਚ 150 ਤੋਂ ਵੱਧ ਸੇਵਾਵਾਂ ਇਸ ਵੇਲੇ ਦਿੱਲੀ ਸਰਕਾਰ ਦੀਆਂ ਸੇਵਾਵਾਂ ਦੀ ਡੋਰ ਸਟੈੱਪ ਰਾਹੀਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਵਿਭਾਗਾਂ ਦੇ ਅੰਦਰ ਹਰ ਚੀਜ਼ ਆਨਲਾਈਨ ਕੀਤੀ ਜਾਵੇਗੀ।