ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜੁਲਾਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਛੇ ਕੈਬਨਿਟ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਛੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦੇ ਵਧਦੇ ਪੱਧਰ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਨਿਚਰਵਾਰ ਸ਼ਾਮ ਨੂੰ ਕੈਬਨਿਟ ਮੰਤਰੀਆਂ ਦੀ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਦਿੱਲੀ ਦੇ ਛੇ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੱਖਣ-ਪੂਰਬੀ ਦਿੱਲੀ ’ਚ ਕੈਲਾਸ਼ ਗਹਿਲੋਤ, ਪੂਰਬੀ ਦਿੱਲੀ ’ਚ ਸੌਰਭ ਭਾਰਦਵਾਜ, ਉੱਤਰ-ਪੂਰਬੀ ਦਿੱਲੀ ਵਿੱਚ ਆਤਿਸ਼ੀ, ਉੱਤਰੀ ਦਿੱਲੀ ਵਿੱਚ ਰਾਜਕੁਮਾਰ ਆਨੰਦ, ਕੇਂਦਰੀ ਦਿੱਲੀ ਵਿੱਚ ਇਮਰਾਨ ਹੁਸੈਨ ਅਤੇ ਸ਼ਹਾਦਰਾ ਵਿੱਚ ਗੋਪਾਲ ਰਾਏ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਮੰਤਰੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਲੋਕਾਂ ਲਈ ਲਗਾਏ ਗਏ ਰਾਹਤ ਕੈਂਪਾਂ ਵਿੱਚ ਭੋਜਨ, ਪਾਣੀ, ਬਿਜਲੀ ਅਤੇ ਮੈਡੀਕਲ ਸਣੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਸ ਜ਼ਿਲ੍ਹੇ ਦੇ ਅਧਿਕਾਰੀ ਸਬੰਧਤ ਮੰਤਰੀ ਤੋਂ ਹੁਕਮ ਲੈ ਕੇ ਉਸ ਨੂੰ ਰਿਪੋਰਟ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਰਾਹਤ ਦੇਣ ਲਈ ਗੰਭੀਰ ਜਾਪ ਰਹੇ ਹਨ। ਦਿੱਲੀ ਦੇ ਛੇ ਜ਼ਿਲ੍ਹਿਆਂ ਦੇ ਕੁਝ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਖੇਤਰਾਂ ਵਿੱਚ ਬਣੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਪੀੜਤ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੈਬਨਿਟ ਮੰਤਰੀਆਂ ਦੀ ਹੰਗਾਮੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਦਿੱਲੀ ਅੰਦਰ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੰਤਰੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ।
ਦਿੱਲੀ ਵਿੱਚ ਜਾਣਬੁੱਝ ਕੇ ਪਾਣੀ ਛੱਡਿਆ ਗਿਆ: ‘ਆਪ’
‘ਆਪ’ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ਨੇ ਸਾਜ਼ਿਸ਼ ਤਹਿਤ ਦਿੱਲੀ ਨੂੰ ਹੜ੍ਹਾਂ ਵਿੱਚ ਡੋਬ ਦਿੱਤਾ ਹੈ। ਦਿੱਲੀ ਵਿੱਚ ਪਿਛਲੇ ਛੇ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਫਿਰ ਵੀ ਯਮੁਨਾ ਦੇ ਪਾਣੀ ਦਾ ਪੱਧਰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ 208.6 ਮੀਟਰ ਤੱਕ ਪਹੁੰਚ ਗਿਆ ਅਤੇ ਉੱਥੇ ਹੜ੍ਹ ਆ ਗਿਆ। ਹਥਨੀ ਕੁੰਡ ਦੀ ਲਾਗਬੁੱਕ ਤੋਂ ਸਪੱਸ਼ਟ ਹੈ ਕਿ ਸਾਜ਼ਿਸ਼ ਦੇ ਤਹਿਤ 9 ਤੋਂ 13 ਜੁਲਾਈ ਤੱਕ ਹਥਨੀ ਕੁੰਡ ਤੋਂ ਦਿੱਲੀ ਵੱਲ ਹੀ ਪਾਣੀ ਛੱਡਿਆ ਗਿਆ ਸੀ, ਜਦੋਂਕਿ ਇੱਥੋਂ ਤਿੰਨ ਪਾਸੇ ਪੱਛਮੀ ਨਹਿਰ ਤੋਂ ਹਰਿਆਣਾ, ਪੂਰਬੀ ਨਹਿਰ ਉੱਤਰ ਪ੍ਰਦੇਸ਼ ਅਤੇ ਯਮੁਨਾ ਤੋਂ ਦਿੱਲੀ ਨੂੰ ਪਾਣੀ ਛੱਡਿਆ ਜਾਂਦਾ ਹੈ ਪਰ ਪੂਰਬੀ-ਪੱਛਮੀ ਨਹਿਰ ਵਿੱਚ ਪਾਣੀ ਨਹੀਂ ਛੱਡਿਆ ਗਿਆ। ਜਦੋਂ ਇਹ ਮੁੱਦਾ ਉਠਾਇਆ ਤਾਂ ਈਸਟਰਨ ਕੈਨਾਲ ਵਿੱਚ ਪਾਣੀ ਛੱਡਿਆ ਗਿਆ। ਦਿੱਲੀ ਵਿੱਚ ਮੀਂਹ ਤੋਂ ਬਿਨਾਂ ਆਏ ਹੜ੍ਹ ਪਿੱਛੇ ਕੇਂਦਰ ਸਰਕਾਰ ਦੀ ਡੂੰਘੀ ਸਿਆਸੀ ਸਾਜ਼ਿਸ਼ ਸੀ। ਆਮ ਆਦਮੀ ਪਾਰਟੀ ਨੇ ਸਬੂਤਾਂ ਸਮੇਤ ਇਹ ਵੱਡਾ ਖੁਲਾਸਾ ਕੀਤਾ ਹੈ। ਉਥੇ ਹੀ ‘ਆਪ’ ਸਰਕਾਰ ’ਤੇ ਪਲਟਵਾਰ ਕਰਦਿਆਂ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਦੀ ਅੱਜ ਦੀ ਪ੍ਰੈੱਸ ਕਾਨਫਰੰਸ ਨੇ ਹੜ੍ਹ ਰਾਹਤ ਕਾਰਜਾਂ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਨਾਕਾਮੀ ਸਵੀਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਗੋਪਾਲ ਰਾਏ ਪ੍ਰੈੱਸ ਕਾਨਫਰੰਸ ਕਰ ਕੇ ਪੀੜਤਾਂ ਨੂੰ ਰਾਹਤ ਕੈਂਪਾਂ ਵਿੱਚ ਅੱਜ ਤੋਂ ਭੋਜਨ ਮੁਹੱਈਆ ਕਰਵਾਉਣ ਬਾਰੇ ਕਹਿ ਰਹੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ‘ਆਪ’ ਸਰਕਾਰ ਨੇ ਪਿਛਲੇ ਪਿਛਲੇ 5 ਦਿਨਾਂ ਵਿੱਚ ਹੜ੍ਹ ਪੀੜਤਾਂ ਲਈ ਕੋਈ ਰਾਹਤ ਕਾਰਜ ਨਹੀਂ ਕੀਤੇ।