ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਹਨ। ਸ੍ਰੀ ਸਿਰਸਾ ਨੇ ਜਾਰੀ ਵੀਡੀਓ ’ਚ ਕਿਹਾ ਹੈ ਕਿ 2017 ਚੋਣਾਂ ਦੌਰਾਨ ਸ੍ਰੀ ਕੇਜਰੀਵਾਲ ਦੀ ਸਰਕਾਰ ਨੇ ਪੂਰੇ ਸਫ਼ੇ ਦਾ ਇੱਕ ਇਸ਼ਤਿਹਾਰ ਪੰਜਾਬ ਵਿੱਚ ਵੀ ਦਿੱਤਾ ਸੀ ਜਿਸ ਵਿੱਚ ਕਿਹਾ ਸੀ ਕਿ ਦਿੱਲੀ ਸਰਕਾਰ ਅਧਿਆਪਕਾਂ ਦੀ ਭਰਤੀ ਕਰਨ ਜਾ ਰਹੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ 1472 ਪੰਜਾਬੀ ਅਧਿਆਪਕਾਂ ਵਿੱਚੋਂ ਹੁਣ ਦਿੱਲੀ ਵਿੱਚ ਸਿਰਫ਼ ਕਰੀਬ 400 ਅਸਾਮੀਆਂ ਹੀ ਰਹਿ ਗਈਆਂ ਹਨ ਤੇ ਇਹ ਅਧਿਆਪਕ ਕਈ ਸਾਲਾਂ ਤੋਂ ਅਜੇ ਤਕ ਕੱਚੀਆਂ ਨੌਕਰੀਆਂ ਹੀ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਉਹ ਸੜਕਾਂ ਉੱਪਰ ਸੰਘਰਸ਼ ਵੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮੰਤਰੀ ਨਾਲ ਇੱਕ ਪੰਜਾਬੀ ਜਾਨਣ ਵਾਲਾ ਕਲਰਕ ਹੁੰਦਾ ਸੀ, ਹਰ ਕਮਿਸ਼ਨਰ, ਮੁੱਖ ਮੰਤਰੀ ਦੇ ਨਾਲ ਦਫ਼ਤਰ ਵਿਚ ਪੰਜਾਬੀ ਕਲਰਕ ਹੁੰਦਾ ਸੀ।
ਉਨ੍ਹਾਂ ਕਿਹਾ ਕਿ ਹਰ ਸਰਕਾਰ ਵੇਲੇ ਇੱਕ ਸਿੱਖ ਮੰਤਰੀ ਦਿੱਲੀ ਦੀ ਕੈਬਨਿਟ ਵਿੱਚ ਜ਼ਰੂਰ ਸ਼ਾਮਲ ਹੁੰਦਾ ਸੀ ਪਰ ਸ੍ਰੀ ਕੇਜਰੀਵਾਲ ਨੇ ਤਿੰਨ ਵਾਰ ਦੀ ਸਰਕਾਰ ਦੌਰਾਨ ਇੱਕ ਵੀ ਸਿੱਖ ਵਿਧਾਇਕ ਨੂੰ ਮੰਤਰੀ ਨਹੀਂ ਬਣਾਇਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸ੍ਰੀ ਕੇਜਰੀਵਾਲ ਪੰਜਾਬੀ ਤੇ ਪੰਜਾਬੀਅਤ ਦੇ ਵਿਰੋਧੀ ਹਨ। ਭਾਜਪਾ ਆਗੂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਇੱਕ ਚਿੱਠੀ ਵੀ ਕੇਜਰੀਵਾਲ ਨੂੰ ਲਿਖੀ ਗਈ ਹੈ ਤੇ ਉਸ ਪੱਤਰ ’’ਤੇ ਜਨਤਕ ਬਹਿਸ ਲਈ ਵੀ ਤਿਆਰ ਹਨ।