ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਦਿੱਲੀ ਸਕੱਤਰੇਤ ਵਿੱਚ ਝੰਡਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਗਣਤੰਰਤ ਦਿਵਸ ਦੀ ਵਧਾਈ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਘਰ-ਘਰ ਰਾਸ਼ਨ ਪਹੁੰਚਾਉਣ ਦੀ ਪ੍ਰਕਿਰਿਆ ਮਾਰਚ ਤੋਂ ਦਿੱਲੀ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਲੋਕਾਂ ਨੂੰ ਲੰਮੀਆਂ ਕਤਾਰਾਂ ਨਹੀਂ ਲਗਾਉਣੀਆਂ ਪੈਣਗੀਆਂ, ਸਰਕਾਰ ਉਨ੍ਹਾਂ ਦੇ ਘਰ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਕਰੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਝੁੱਗੀ ਝੌਪੜੀ ਵਾਲਿਆਂ ਨੂੰ ਮਕਾਨ ਦੇਣ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਤਹਿਤ ਉਨ੍ਹਾਂ ਛੇਤੀ ਹੀ ਪੱਕਾ ਮਕਾਨ ਮਿਲੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਦੇ ਮੁਸ਼ਕਲ ਹਾਲਾਤਾਂ ਵਿੱਚ ਵੀ ਦਿੱਲੀ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬੰਦ ਨਹੀਂ ਹੋਣ ਦਿੱਤਾ, ਜਿਸ ਕਾਰਨ ਦਿੱਲੀ ਵਾਸੀ ਖ਼ੁਸ਼ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਲ ਦੇ ਅੰਤ ਤੱਕ, ਦਿੱਲੀ ਦੇ ਹਰ ਨਾਗਰਿਕ ਕੋਲ ਆਪਣਾ ਸਿਹਤ ਕਾਰਡ ਹੋਵੇਗਾ, ਕਿਉਂਕਿ ਦਿੱਲੀ ਸਰਕਾਰ ਨੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਜਾਣਕਾਰੀ ਮੁਤਾਬਿਕ ਇਸ ਸਮਾਰੋਹ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ ਸਣੇ ਦਿੱਲੀ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕ ਹਾਜ਼ਰ ਸਨ। ਕੇਜਰੀਵਾਲ ਨੇ ਸਕੱਤਰੇਤ ਵਿੱਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪੂਰਾ ਵਿਸ਼ਵ, ਪੂਰਾ ਦੇਸ਼ ਅਤੇ ਅਸੀਂ ਸਾਰੇ ਦਿੱਲੀ ਵਾਸੀ ਪਿਛਲੇ ਇਕ ਸਾਲ ਤੋਂ ਕਰੋਨਾ ਨਾਲ ਜੂਝ ਰਹੇ ਹਾਂ। ਇਸੇ ਲਈ ਅਸੀਂ ਆਪਣਾ ਗਣਤੰਤਰ ਦਿਵਸ ਦਿੱਲੀ ਸਕੱਤਰੇਤ ਵਿੱਚ ਮਨਾ ਰਹੇ ਹਾਂ ਨਹੀਂ ਤਾਂ ਅਸੀਂ ਸਾਰੇ ਆਪਣੇ ਬੱਚਿਆਂ ਨਾਲ ਛਤਰਸਾਲ ਸਟੇਡੀਅਮ ਵਿੱਚ ਵੱਡੇ ਪੱਧਰ ’ਤੇ ਮਨਾਇਆ ਕਰਦੇ ਸੀ। ਮੈਨੂੰ ਉਮੀਦ ਹੈ ਅਸੀਂ ਸਾਰੇ ਇਸ ਸਾਲ ਕਰੋਨਾ ਤੋਂ ਰਾਹਤ ਪਾਵਾਂਗੇ, ਬੀਤਿਆ ਵਰ੍ਹਾ ਹਰ ਇਕ ਲਈ ਕਾਫ਼ੀ ਮੁਸ਼ਕਲਾਂ ਵਾਲਾ ਰਿਹਾ। ਦਿੱਲੀ ਨੇ ਕਾਫ਼ੀ ਗੰਭੀਰ ਸਥਿਤੀ ਦਾ ਸਾਹਮਣਾ ਕੀਤਾ, ਪਰ ਬੀਤੇ ਵਰ੍ਹਿਆਂ ਵਿੱਚ ਕੀਤੇ ਗਏ ਸੁਧਾਰਾਂ ਤੇ ਬਿਹਤਰ ਪ੍ਰਬੰਧਾਂ ਕਾਰਨ ਸਿਹਤ ਪ੍ਰਣਾਲੀ ਪ੍ਰਭਾਵਿਤ ਨਹੀਂ ਹੋਈ। 11 ਨਵੰਬਰ 2020 ਨੂੰ ਦਿੱਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 8.5 ਹਜ਼ਾਰ ਕਰੋਨਾ ਦੇ ਕੇਸ ਸਾਹਮਣੇ ਆਏ, ਪਰ ਅਸੀਂ ਡਟੇ ਰਹੇ। ਜਿਸ ਦੇ ਅੱਜ ਸਾਰਥਕ ਨਤੀਜੇ ਨਿਕਲੇ ਹਨ’’।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਬਹੁਤ ਮੁਸ਼ਕਲ ਦੌਰ ਸੀ ਜਦੋਂ ਲੋਕ ਲੌਕਡਾਊਨ ਕਾਰਨ ਨੌਕਰੀਆਂ ਗੁਆ ਚੁੱਕੇ ਸਨ, ਬਾਜ਼ਾਰ ਤੇ ਕਾਰਖਾਨੇ ਬੰਦ ਸਨ। ਸਰਕਾਰਾਂ ਲਈ ਇਹ ਵੀ ਮੁਸ਼ਕਲ ਸਮਾਂ ਸੀ। ਸਰਕਾਰ ਦਾ ਟੈਕਸ ਆਉਣਾ ਬੰਦ ਹੋ ਗਿਆ। ਇਕ ਵੱਡੀ ਚਿੰਤਾ ਸੀ ਕਿ ਟੈਕਸ ਕਿਵੇਂ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਉਹ ਖੁਸ਼ ਹਨ ਕਿ ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਸਾਰਿਆਂ ਨੇ ਇਕਜੁੱਟ ਹੋ ਕੇ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਕਿਹਾ ਅਸੀਂ ਨਾ ਸਿਰਫ ਸਾਰੀਆਂ ਤਨਖਾਹਾਂ ਦਾ ਭੁਗਤਾਨ ਕੀਤਾ, ਬਲਕਿ ਲੋਕਾਂ ਦੇ ਘਰਾਂ ਅੰਦਰ ਚੁੱਲ੍ਹੇ ਮਘਾਉਣ ਲਈ ਪੈਸੇ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ।