ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਐੱਫਆਰਸੀਏ ਤਹਿਤ ਦਿੱਤੀ ਗਈ ਪ੍ਰਵਾਨਗੀ ਬਾਰੇ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਮੁਖੀ ਵੱਲੋਂ ਕੀਤੇ ਗਏ ਟਵੀਟ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਬੇਨਕਾਬ ਕਰ ਦਿੱਤੀ ਹੈ ਅਤੇ ਜੇਕ ਉਨ੍ਹਾਂ ਨੇ ਇਸ ਗੁਨਾਹ ਦੀ ਮੁਆਫੀ ਨਾ ਮੰਗੀ ਤਾਂ ਸਿੱਖ ਭਾਈਚਾਰਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਸ੍ਰੀ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ‘ਆਪ’ ਦੀ ਸੋਸ਼ਲ ਮੀਡੀਆ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਸੰਗਤ ਵੱਲੋਂ ਭੇਜੀ ਜਾਂਦੀ ਭੇਟਾ ਨੂੰ ਭੀਖ ਦੱਸਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਐੱਫਆਰਸੀਏ ਤਹਿਤ ਦਿੱਤੀ ਪ੍ਰਵਾਨਗੀ ਨੂੰ ਭੀਖ ਮੰਗਣ ਦਾ ਲਾਇਸੈਂਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਨੇ ਆਪਣੀ ਟੀਮ ਦੇ ਇਸ ਬੱਜਰ ਗੁਨਾਹ ਦੀ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਸ਼੍ਰੋਮਣੀ ਅਕਾਲੀ ਦਲ ਕੇਜਰੀਵਾਲ ਦਾ ਘਿਰਾਓ ਕਰੇਗਾ ਤੇ ਉਸ ਨੂੰ ਮੁਆਫੀ ਮੰਗਣ ਲਈ ਮਜਬੂਰ ਕਰੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸਿੱਖ ਆਗੂਆਂ ਨੂੰ ਸਵਾਲ ਕੀਤਾ ਕਿ ਉਹ ਅਜਿਹੀ ਪਾਰਟੀ ਵਿਚ ਕਿਵੇਂ ਕੰਮ ਕਰ ਰਹੇ ਹਨ ਜਿਸ ਦੀ ਸੋਸ਼ਲ ਮੀਡੀਆ ਟੀਮ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਅਜਿਹੀ ਸ਼ਬਦਾਵਲੀ ਵਰਤ ਕੇ ਟਵੀਟ ਕਰ ਰਹੀ ਹੈ।