ਨਵੀਂ ਦਿੱਲੀ (ਪੱਤਰ ਪ੍ਰੇਰਕ ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਆਂਗਣਵਾੜੀ ਦੀਆਂ 90 ਤੋਂ ਵੱਧ ਔਰਤਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਨੋਟਿਸ ਭੇਜਿਆ ਹੈ ਜਦਕਿ ਸੂਬਾ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਇਨ੍ਹਾਂ ਔਰਤਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਆਪਣੇ ਹੱਕਾਂ ਲਈ ਦਿੱਲੀ ਸਰਕਾਰ ਖਿਲਾਫ ਆਵਾਜ਼ ਉਠਾਈ ਸੀ। ਉਨ੍ਹਾਂ ਕਿਹਾ ਕਿ 45 ਦਿਨਾਂ ਤੋਂ ਵੱਧ ਸਮੇਂ ਤੋਂ ਧਰਨਾ ਦੇ ਰਹੀਆਂ ਔਰਤਾਂ ਨੂੰ ਮੁਆਫ਼ੀ ਪੱਤਰ ਲਿਖਣ ਲਈ ਦਬਾਅ ਪਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਆਦੇਸ਼ ਗੁਪਤਾ ਨੇ ਕਿਹਾ ਕਿ ਔਰਤਾਂ ਦੇ ਸਨਮਾਨ ਦੀਆਂ ਬਹੁਤ ਗੱਲਾਂ ਕਰਨ ਵਾਲੇ ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਆਂਗਣਵਾੜੀ ਔਰਤਾਂ ਨੂੰ ਰੈਗੂਲਰ ਕਰਨਗੇ, ਪਰ ਚੋਣਾਂ ਖਤਮ ਹੁੰਦੇ ਹੀ ਉਨ੍ਹਾਂ ਨੇ ਆਪਣਾ ਅਸਲੀ ਚਿਹਰਾ ਸਾਰਿਆਂ ਨੂੰ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪਹਿਲਾਂ ਆਂਗਣਵਾੜੀਆਂ ‘ਤੇ ‘ਜ਼ਰੂਰੀ ਸੇਵਾ ਰੱਖ-ਰਖਾਅ ਐਕਟ’ ਯਾਨੀ ‘ਐਸਮਾ’ ਲਾਗੂ ਕੀਤਾ ਅਤੇ ਹੁਣ ਉਨ੍ਹਾਂ ਨੂੰ ਦਬਾ ਰਹੀ ਹੈ। ਆਂਗਣਵਾੜੀ ਔਰਤਾਂ ਨੇ ਜਿਸ ਤਰ੍ਹਾਂ ਕਰੋਨਾ ਦੇ ਦੌਰ ‘ਚ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ ਹੈ, ਉਹ ਸਭ ਨੇ ਦੇਖਿਆ ਹੈ ਅਤੇ ਅੱਜ ਉਨ੍ਹਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਾ ਕੇ ਰੱਖਣਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ।