ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜਨਵਰੀ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਨੂੰ ਖਬਰਾਂ ’ਚ ਰੱਖਣ ਵਿੱਚ ਮਾਹਿਰ ਹਨ ਤੇ ਮੰਤਰੀ ਸਤਿੰਦਰ ਜੈਨ ਦੀ ਈ.ਡੀ. ਉਸ ਵੱਲੋਂ ਗ੍ਰਿਫ਼ਤਾਰੀ ਦੀ ਸੰਭਾਵਨਾ ਨੂੰ ਪ੍ਰਗਟ ਕਰਨ ਵਾਲਾ ਉਸ ਦਾ ਬਿਆਨ ਉਸ ਦੀ ਸਿਆਸੀ ਚਲਾਕੀ ਹੀ ਹੈ। ਅੱਜ ਕੇਜਰੀਵਾਲ ਦਾ ਬਿਆਨ ‘ਚੋਰ ਦੀ ਦਾਹੜੀ ’ਚ ਤਿਣਕਾ’ ਵਾਲੀ ਕਹਾਵਤ ਨੂੰ ਪੂਰਾ ਕਰ ਰਿਹਾ ਹੈ। ਗੁਪਤਾ ਨੇ ਕਿਹਾ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਸਥਾਪਿਤ ਨਹੀਂ ਕਰ ਸਕੇ ਤੇ ਹੁਣ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਦੀ ਗੱਲ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਜੈਨ ’ਤੇ ਇਨਕਮ ਟੈਕਸ ਦੀ ਜਾਂਚ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਲੱਗਦਾ ਹੈ ਕਿ ਕੇਜਰੀਵਾਲ ਨੂੰ ਪਤਾ ਲੱਗਾ ਹੈ ਕਿ ਜਾਂਚ ’ਚ ਸਤਿੰਦਰ ਜੈਨ ਖ਼ਿਲਾਫ਼ ਗੰਭੀਰ ਸਬੂਤ ਇਕੱਠੇ ਹੋ ਗਏ ਹਨ।