ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਕੇਰਲਾ ਦੇ ਸਿੱਖਿਆ ਮੰਤਰੀ ਵੀ. ਸਿਵਨਕੁਟੀ ਵੱਲੋਂ ‘ਆਪ’ ਦੀ ਓਖਲਾ ਤੋਂ ਵਿਧਾਇਕਾ ਤੇ ਦਿੱਲੀ ਵਿੱਚ ਸਿੱਖਿਆ ਪ੍ਰਬੰਧ ਵਿੱਚ ਵੱਡੀਆਂ ਤਬਦੀਲੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਆਤਿਸ਼ੀ ਦੀ ਆਲੋਚਨਾ ਕੀਤੀ ਗਈ ਹੈ। ਆਤਿਸ਼ੀ ਨੇ ਕਿਹਾ ਸੀ ਕਿ ਕੇਰਲਾ ਦੇ ਅਧਿਕਾਰੀਆਂ ਨੇ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕੀਤਾ ਪਰ ਕੇਰਲਾ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਉੱਥੋਂ ਦੇ ਸਿੱਖਿਆ ਮਹਿਕਮੇ ਨੇ ਕਦੇ ਵੀ ਇਸ ਦੌਰੇ ਲਈ ਕੋਈ ਅਧਿਕਾਰੀ ਦਿੱਲੀ ਨਹੀਂ ਭੇਜਿਆ। ਇਸ ਮਾਮਲੇ ’ਤੇ ਸਫ਼ਾਈ ਦਿੰਦਿਆਂ ਆਤਿਸ਼ੀ ਨੇ ਸਾਫ਼ ਕੀਤਾ ਕਿ ਉਨ੍ਹਾਂ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਕੇਰਲਾ ਸਰਕਾਰ ਦੇ ਅਧਿਕਾਰੀ ਸਨ।
ਵੀ. ਸਿਵਨਕੁਟੀ ਵੱਲੋਂ ਦਿੱਤੇ ਉਕਤ ਜਵਾਬ ਮਗਰੋਂ ਆਤਿਸ਼ੀ ਨੇ ਟਵੀਟ ਕਰਕੇ ਸਥਿਤੀ ਸਪੱਸ਼ਟ ਕੀਤੀ ਕਿ ਡਾ. ਬੀਆਰ ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ, ਕਾਲਕਾਜੀ ਦਾ ਕੱਲ੍ਹ ਸੀਬੀਐੱਸਈ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਦੇ ਖੇਤਰੀ ਸਕੱਤਰ ਵਿਕਟਰ ਟੀ.ਆਈ ਅਤੇ ਕੇਰਲਾ ਸਹੋਦਿਆ ਕੰਪਲੈਕਸਾਂ ਦੇ ਕਨਫੈਡਰਸ਼ਨ ਦੇ ਡਾ. ਐੱਮ ਦਿਨੇਸ਼ ਬਾਬੂ ਨੇ ਦੌਰਾ ਕੀਤਾ। ਕਾਲਕਾਜੀ ਤੋਂ ‘ਆਪ’ ਵਿਧਾਇਕ ਆਤਿਸ਼ੀ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਉਸ ਨੇ ਕਦੇ ਇਹ ਨਹੀਂ ਕਿਹਾ ਕਿ ਉਹ ਕੇਰਲ ਸਰਕਾਰ ਦੇ ਅਧਿਕਾਰੀ ਸਨ।
ਸ਼ਨਿਚਰਵਾਰ ਨੂੰ ਆਤਿਸ਼ੀ ਨੇ ਵਿਕਟਰ ਟੀਆਈ ਤੇ ਐੱਮ ਦਿਨੇਸ਼ ਬਾਬੂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੇ ਕਾਲਕਾਜੀ ਵਿੱਚ ਇੱਕ ਸਕੂਲ ਦਾ ਦੌਰਾ ਕੀਤਾ ਸੀ। ਆਤਿਸ਼ੀ ਨੇ ਫੇਰੀ ਬਾਰੇ ਪੋਸਟ ਕਰਦਿਆਂ ਕਿਹਾ ਸੀ, ‘‘ਕਾਲਕਾਜੀ ਵਿੱਚ ਸਾਡੇ ਇੱਕ ਸਕੂਲ ਵਿੱਚ ਕੇਰਲ ਦੇ ਅਧਿਕਾਰੀਆਂ ਦੀ ਮੇਜ਼ਬਾਨੀ ਕਰਨਾ ਬਹੁਤ ਵਧੀਆ ਸੀ। ਉਹ ਸਾਡੇ ਸਿੱਖਿਆ ਮਾਡਲ ਨੂੰ ਆਪਣੇ ਰਾਜ ਵਿੱਚ ਲਾਗੂ ਕਰਨ ਦੇ ਚਾਹਵਾਨ ਸਨ। ਇਹ ਹੈ ਅਰਵਿੰਦ ਕੇਜਰੀਵਾਲ ਸਰਕਾਰ ਦਾ ਰਾਸ਼ਟਰ ਨਿਰਮਾਣ ਦਾ ਵਿਚਾਰ।’’
ਐਤਵਾਰ ਦੁਪਹਿਰ ਨੂੰ ਕੇਰਲਾ ਦੇ ਸਿੱਖਿਆ ਮੰਤਰੀ ਸਿਵਨਕੁਟੀ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੱਤਾ, ‘‘ਕੇਰਲਾ ਦੇ ਸਿੱਖਿਆ ਵਿਭਾਗ ਨੇ ‘ਦਿੱਲੀ ਮਾਡਲ’ ਬਾਰੇ ਜਾਣਨ ਲਈ ਕਿਸੇ ਨੂੰ ਨਹੀਂ ਭੇਜਿਆ। ਇਸ ਦੇ ਨਾਲ ਹੀ ਪਿਛਲੇ ਮਹੀਨੇ ‘ਕੇਰਲਾ ਮਾਡਲ’ ਦਾ ਅਧਿਐਨ ਕਰਨ ਲਈ ਦਿੱਲੀ ਤੋਂ ਆਏ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਗਈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ‘ਆਪ’ ਵਿਧਾਇਕ ਵੱਲੋਂ ਕਿਹੜੇ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ।’’
ਆਤਿਸ਼ੀ ਨੇ ਕਿਹਾ, ‘‘ਸਾਡੇ ਵੱਲੋਂ ਸ਼ਨਿਚਰਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵਿੱਚ ਮਹਿਮਾਨਾਂ ਦੇ ਅਹੁਦਿਆਂ ਦਾ ਬਹੁਤ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਤੇ ਫੇਰੀ ਬਾਰੇ ਸਾਰੀ ਰਿਪੋਰਟਿੰਗ ਸਪੱਸ਼ਟ ਹੈ ਕਿ ਇਹ ਸੀਬੀਐੱਸਈ ਸਕੂਲ ਐਸੋਸੀਏਸ਼ਨਾਂ ਦੇ ਲੋਕ ਹਨ। ਇੱਥੋਂ ਤੱਕ ਕਿ ਮੈਂ ਆਪਣੇ ਟਵੀਟ ਵਿੱਚ ਇਹ ਨਹੀਂ ਕਿਹਾ ਕਿ ਉਹ ਕੇਰਲਾ ਸਰਕਾਰ ਦੇ ਲੋਕ ਹਨ।’’ ਦਿੱਲੀ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਮਹਿਮਾਨਾਂ ਨੂੰ ਪਤਵੰਤੇ ਤੇ ਸਿੱਖਿਆਵਾਦੀ ਕਿਹਾ ਗਿਆ ਸੀ।