ਪੱਤਰ ਪ੍ਰੇਰਕ
ਨਵੀਂ ਦਿੱਲੀ 10 ਜਨਵਰੀ
ਹਰਿਆਣਾ ’ਚ ਬਣਨ ਵਾਲੇ 10 ਰੇਲਵੇ ਸਟੇਸ਼ਨ ਇਥੋਂ ਲੰਘਣ ਵਾਲੇ ‘ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ’ ਅਤੇ ‘ਵੈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ’ ’ਤੇ ਬਣਾਏ ਜਾਣਗੇ। ਇਸ ਨਾਲ ਵੱਖ-ਵੱਖ ਖੇਤਰਾਂ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਹਰਿਆਣਾ ਰਾਜ ਵਿੱਚ ਵੱਖ-ਵੱਖ ਮਹੱਤਵਪੂਰਨ ਰੇਲਵੇ ਪ੍ਰਾਜੈਕਟਾਂ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਤੇ ਕੰਮਾਂ ਨੂੰ ਤੇਜ਼ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੀਟਿੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ’ਚੋਂ ਲੰਘਣ ਵਾਲੇ ਪੂਰਬੀ ਤੇ ਪੱਛਮੀ ਸਮਰਪਿਤ ਫਰੇਟ ਕੋਰੀਡੋਰ ’ਤੇ ਬਣਾਏ ਜਾਣ ਵਾਲੇ ਵੱਖ-ਵੱਖ 10 ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਰੇਲ ਮੰਤਰੀ ਨਾਲ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਮੀਡੀਆ ਨੂੰ ਦੱਸਿਆ ਕਿ ਸਮਾਂਬੱਧ ਤਰੀਕੇ ਨਾਲ ਹਰਿਆਣਾ ਰਾਜ ਵਿੱਚ ਵੱਖ-ਵੱਖ ਰੇਲਵੇ ਪ੍ਰਾਜੈਕਟਾਂ ਦੇ ਕੰਮ ਅਤੇ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਫੈਸਲੇ ਲਏ ਗਏ ਹਨ। ਪਲਵਲ ਤੋਂ ਪ੍ਰਿਥਲਾ ਤੱਕ ਰੇਲ ਮਾਰਗ ਦੀ ਸਮਰੱਥਾ ਵਧਾਉਣ ਦੀ ਦਿਸ਼ਾ ’ਚ ਹਰਿਆਣਾ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਹਿਸਾਰ ਵਿੱਚ ਸ਼ੁਰੂ ਹੋਏ ਸ਼ਹਿਰੀ ਹਵਾਬਾਜ਼ੀ ਹੱਬ ਦੇ ਮੱਦੇਨਜ਼ਰ ਦਿੱਲੀ ਤੋਂ ਹਿਸਾਰ ਤੱਕ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਰਿਜ਼ੌਰਟ ਰੈਪਿਡ ਟਰਾਂਜ਼ਿਟ ਸਿਸਟਮ) ਰੇਲ ਮਾਰਗ ਨੂੰ ਵਿਕਸਤ ਕਰਨ ਦਾ ਕੇਂਦਰ ਨੂੰ ਪ੍ਰਸਤਾਵ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਹਿਸਾਰ ਵਿੱਚ ਵਿਕਸਤ ਕੀਤੇ ਜਾ ਰਹੇ ਸ਼ਹਿਰੀ ਹਵਾਬਾਜ਼ੀ ਹੱਬ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।