ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜਨਵਰੀ
ਦਿੱਲੀ ’ਚ ਕੋਵਿਡ -19 ਵਾਇਰਸ ਨੂੰ ਰੋਕਣ ਲਈ ਹੋਰ ਸਖ਼ਤ ਉਪਾਅ ਕਰਦੇ ਹੋਏ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਇੱਕ ਹਫ਼ਤੇ ਦੇ ਅੰਤ ’ਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਨੁਸਾਰ ਸ਼ਨਿੱਚਰਵਾਰ ਤੇ ਐਤਵਾਰ ਨੂੰ ਕੋਵਿਡ ਕਰਫਿਊ ਰਹੇਗਾ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਅਨੁਸਾਰ, ਕੌਮੀ ਰਾਜਧਾਨੀ ’ਚ ਜਨਵਰੀ ਦੇ ਅੱਧ ਤੱਕ ਪ੍ਰਤੀ ਦਿਨ 20,000-25,000 ਮਾਮਲੇ ਸਾਹਮਣੇ ਆ ਸਕਦੇ ਹਨ ਤੇ ਅਗਲੇ ਹਫ਼ਤੇ ਹਸਪਤਾਲ ’ਚ ਦਾਖਲ ਹੋਣ ਦੇ ਮਾਮਲੇ ਵੀ ਵੱਧ ਸਕਦੇ ਹਨ। ਸਿਸੋਦੀਆ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਾਈਵੇਟ ਦਫਤਰਾਂ ਨੂੰ 50% ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਕਿ ਜ਼ਰੂਰੀ ਸੇਵਾਵਾਂ ਨੂੰ ਛੱਡਣ ਵਾਲੇ ਸਰਕਾਰੀ ਅਧਿਕਾਰੀ ਘਰ ਤੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਟੇਸ਼ਨਾਂ ’ਤੇ ਭੀੜ ਤੋਂ ਬਚਣ ਲਈ ਦਿੱਲੀ ’ਚ ਬੱਸਾਂ ਤੇ ਮੈਟਰੋ 100% ਸਮਰੱਥਾ ਨਾਲ ਚੱਲਣਗੀਆਂ। ਬਿਨਾਂ ਮਾਸਕ ਵਾਲੇ ਲੋਕਾਂ ਨੂੰ ਦਿੱਲੀ ’ਚ ਕਿਸੇ ਵੀ ਜਨਤਕ ਆਵਾਜਾਈ ’ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸਿਸੋਦੀਆ ਨੇ ਕਿਹਾ ਕਿ ਮੈਟਰੋ ਸਟੇਸ਼ਨਾਂ ਦੇ ਬਾਹਰ ਤੇ ਬੱਸ ਅੱਡਿਆਂ ’ਤੇ ਭੀੜ ਤੋਂ ਬਚਣ ਲਈ ਬੱਸਾਂ ਤੇ ਮੈਟਰੋ ਟਰੇਨਾਂ ਦੁਬਾਰਾ ਪੂਰੀ ਬੈਠਣ ਦੀ ਸਮਰੱਥਾ ’ਤੇ ਚੱਲਣਗੀਆਂ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਕੌਮੀ ਰਾਜਧਾਨੀ ’ਚ ਤਾਜ਼ਾ ਪਾਬੰਦੀਆਂ ਬਾਰੇ ਫੈਸਲਾ ਲੈਣ ਲਈ ਇੱਕ ਮੀਟਿੰਗ ਬੁਲਾਈ ਕਿਉਂਕਿ ਪਾਜ਼ੇਟਿਵ ਦਰ ਲਗਾਤਾਰ ਦੋ ਦਿਨਾਂ ਤੱਕ 5% ਤੋਂ ਉੱਪਰ ਬਣੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਪਿਛਲੇ 8-10 ਦਿਨਾਂ ’ਚ ਲਗਪੱਗ 11,000 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਲਗਪੱਗ 350 ਮਰੀਜ਼ ਹਸਪਤਾਲ ’ਚ ਹਨ ਸਿਰਫ 124 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈ ਤੇ ਸੱਤ ਵੈਂਟੀਲੇਟਰ ’ਤੇ ਹਨ। ਪਿਛਲੇ ਹਫ਼ਤੇ ਦਿੱਲੀ ਸਰਕਾਰ ਨੇ ‘ਯੈਲੋ ਅਲਰਟ’ ਜਾਰੀ ਕੀਤਾ ਸੀ ਜਿਸ ਤਹਿਤ ਉਸ ਨੇ ਜਿਮ, ਸਿਨੇਮਾ ਹਾਲ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਸਨ। ਇਸ ਵਾਰ ਉਨ੍ਹਾਂ ਨੇ ਭੀੜ ਨੂੰ ਸੰਭਾਲਣ ਲਈ ਮੈਟਰੋ ਤੇ ਡੀਟੀਸੀ ਬੱਸਾਂ ਨੂੰ 100%ਸਮਰੱਥਾ ’ਤੇ ਚਲਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 14,889 ਹੈ। ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਪਾਜ਼ੇਟਿਵ ਦਰ ਵਧ ਕੇ 8.37 ਫੀਸਦੀ ਹੋ ਗਈ ਹੈ। ਰਿਪੋਰਟਾਂ ਅਨੁਸਾਰ ਇਹ ਪਿਛਲੇ 7.5 ਮਹੀਨਿਆਂ ਵਿੱਚ ਸਭ ਤੋਂ ਵੱਧ ਪਾਜ਼ੇਟਿਵ ਦਰ ਹੈ। ਕੌਮੀ ਰਾਜਧਾਨੀ ਵਿੱਚ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 25,113 ਹੈ। ਹੁਣ ਤੱਕ 14,23,699 ਮਰੀਜ਼ ਜਾਨਲੇਵਾ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੁਆਰਾ ਸਾਂਝੇ ਕੀਤੇ ਅੰਕੜਿਆਂ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ 2992 ਕੰਟੇਨਮੈਂਟ ਜ਼ੋਨ ਹਨ। ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਕੋਵਿਡ-19 ਦੇ ਹਲਕੇ ਲੱਛਣ ਪਾਏ ਗਏ ਹਨ। ਸ੍ਰੀ ਕੇਜਰੀਵਾਲ ਜੋ ਬੀਤੇ ਦਿਨਾਂ ਤੋਂ ਪਹਿਲਾਂ ਪੰਜਾਬ ਵਿਧਾਨ ਲਈ ਸਭਾਵਾਂ ਕਰ ਰਹੇ ਸਨ ਤੇ ਬੀਤੇ ਦਿਨ ਦੇਹਰਾਦੂਨ (ਉੱਤਰਖੰਡ) ਵਿੱਚ ਸਭਾ ਵਿੱਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਇਨ੍ਹਾਂ ਸਰਗਰਮੀਆਂ ਦੌਰਾਨ ਮਾਸਕ ਨਹੀਂ ਸੀ ਪਾਇਆ।
ਸ੍ਰੀ ਕੇਜਰੀਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ, ‘ਮੇਰਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਹਲਕੇ ਲੱਛਣ ਹਨ। ਜੋ ਲੋਕ ਪਿਛਲੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ ਕ੍ਰਿਪਾ ਕਰਕੇ ਉਹ ਆਪਣਾ ਟੈਸਟ ਕਰਵਾ ਲੈਣ’ ਉਨਾਂ੍ਹ ਖ਼ੁਦ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਲਿਆ ਹੈ। ਉਧਰ ਇੱਕ ਟਵੀਟ ਵਿੱਚ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਹਲਕੇ ਲੱਛਣਾਂ ਨਾਲ ਕੋਵਿਡ ਪਾਜ਼ੇਟਿਵ ਆਉਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ, ‘ਪਰਸੋਂ (2 ਜਨਵਰੀ) ਤੋਂ ਹੀ ਅਸਵਸਥ ਮਹਿਸੂਸ ਕਰ ਰਿਹਾ ਸੀ। ਹਲਕਾ ਬੁਖ਼ਾਰ ਤੇ ਜ਼ੁਕਾਮ ਹੋਣ ਹੋਣ ਕਾਰਨ ਕੱਲ੍ਹ ਉੱਤਰਾਖੰਡ-ਰੁਦਰਪੁਰ ਵਿੱਚ ਚੋਣ ਪ੍ਰਚਾਰ ਨਹੀਂ ਕਰ ਪਾਇਆ। ਟੈਸਟ ਵਿੱਚ ਅੱਜ ਪਾਜ਼ੇਟਿਵ ਆਇਆ ਹਾਂ। ਚੌਕਸੀ ਵਰਤਦੇ ਹੋਏ ਆਪਣੇ ਆਪ ਨੂੰ ਕੱਲ੍ਹ ਹੀ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਸੀ। ਕ੍ਰਿਪਾ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ’।
ਕੇਜਰੀਵਾਲ ਸਰਕਾਰ ਦਿੱਲੀ ਕਮੇਟੀ ਤੋਂ ਸਹਿਯੋਗ ਮੰਗਿਆ
ਦੇਸ਼ ਵਿਚ ਸ਼ੁਰੂ ਤੀਜੀ ਕਰੋਨਾ ਲਹਿਰ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਹਿਯੋਗ ਮੰਗਿਆ ਹੈ ਜਿਸ ਤਹਿਤ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਾਲਾ ਸਾਹਿਬ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਉਪਲਬਧ ਸਹੂਲਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਕਮੇਟੀ ਤੋਂ ਓਮੀਕਰੋਨ ਲਹਿਰ ਨਾਲ ਨਜਿੱਠਣ ਵਾਸਤੇ ਸਹਿਯੋਗ ਮੰਗਿਆ ਗਿਆ ਹੈ ਤੇ ਅਸੀਂ ਦੱਸਿਆ ਹੈ ਕਿ ਸਾਡੇ ਕੋਲ 100 ਬੈਡਾਂ ਦਾ ਬਾਲਾ ਸਾਹਿਬ ਹਸਪਤਾਲ ਤਿਆਰ ਹੈ ਜਿਸ ਵਿਚ 24 ਆਈ ਸੀ ਯੂ ਬੈਡ ਹਨ, 6 ਵੈਂਟੀਲੇਟਰ ਹਨ ਜਦੋਂ ਕਿ 2 ਸਭ ਤੋਂ ਵੱਡੇ ਆਕਸੀਜਨ ਪਲਾਂਟ ਲੱਗੇ ਹੋਏ ਹਨ। ਇਸ ਹਸਪਤਾਲ ਵਿਚ ਇਕਮੋ ਮਸ਼ੀਨ ਲੱਗੀ ਹੋਈ ਜਿਸਦੀ ਪਿਛਲੀ ਵਾਰ ਬਹੁਤ ਜ਼ਰੂਰਤ ਪਈ ਸੀ ਜਦੋਂ ਕਿ ਸੀ ਟੀ ਸਕੈਨ ਮਸ਼ੀਨ ਪਹੁੰਚ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਤੇ 11 ਐਂਬੂਲੈਂਸਾਂ ਦਿੱਲੀ ਦੇ ਵੱਖ ਵੱਖ ਜ਼ੋਨਾਂ ਵਿਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸਿੰਗਾਪੁਰ ਦੀ ਕੰਪਨੀ ਦੇ ਸਹਿਯੋਗ ਨਾਲ 24 ਬੈੱਡਾਂ ਵਾਲੇ ਪੋਡ ਦੀ ਸਹੂਲਤ ਵੀ 8 ਤਾਰੀਕ ਤੋਂ ਸ਼ੁਰੂ ਹੋ ਰਹੀ ਹੈ ਤੇ ਇਹ ਆਈ ਸੀ ਯੂ ਬੈਡ ਨੇ ਜੋ ਜ਼ਰੂਰਤ ਅਨੁਸਾਰ ਕਿਤੇ ਵੀ ਲਿਜਾਏ ਜਾ ਸਕਦੇ ਹਨ।
ਲੌਕਡਾਊਨ ਨਹੀਂ ਲਗਾਇਆ ਜਾਵੇਗਾ: ਜੈਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਕਰੋਨਾਵਾਇਰਸ ਦੇ ਮਾਮਲਿਆਂ ’ਚ ਵਾਧੇ ਦੇ ਵਿਚਕਾਰ ਕੌਮੀ ਰਾਜਧਾਨੀ ਵਿੱਚ ਕੋਈ ਲੌਕਡਾਊਨ ਨਹੀਂ ਲਗਾਇਆ ਜਾਵੇਗਾ। ਦਿੱਲੀ ਸਰਕਾਰ ਨੇ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਇੱਕ ਹਫ਼ਤੇ ਦੇ ਅੰਤ ’ਚ ਕਰਫਿਊ ਲਗਾਉਣ ਸਮੇਤ ਮੌਜੂਦਾ ਕੋਵਿਡ ਪਾਬੰਦੀਆਂ ਨੂੰ ਸਖ਼ਤ ਕੀਤਾ ਹੈ। ਜੈਨ ਨੇ ਇਹ ਵੀ ਦੱਸਿਆ ਕਿ ਦਿੱਲੀ ’ਚ ਅੱਜ ਘੱਟੋ-ਘੱਟ 5,500 ਨਵੇਂ ਕੇਸ ਆ ਸਕਦੇ ਹਨ, ਪਾਜ਼ੇਟਿਵ ਦਰ 8.5% ਹੈ। ਸੋਮਵਾਰ ਨੂੰ ਦਿੱਲੀ ’ਚ 6.46 ਪ੍ਰਤੀਸ਼ਤ ਦੀ ਪਾਜ਼ੇਟਿਵ ਦਰ ਦੇ ਨਾਲ 4,099 ਮਾਮਲੇ ਸਾਹਮਣੇ ਆਏ ਸਨ ਤੇ ਇੱਕ ਮੌਤ ਕੋਵਿਡ ਕਾਰਨ ਦਰਜ ਕੀਤੀ ਗਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਕਿਹਾ ‘ਮਾਹਰ ਕਹਿੰਦੇ ਰਹੇ ਹਨ ਕਿ ਦਿੱਲੀ ’ਚ ਕੋਵਿਡ ਦੇ ਮਾਮਲਿਆਂ ’ਚ ਵਾਧੇ ਨੂੰ ਮੁੱਖ ਤੌਰ ’ਤੇ ਓਮੀਕਰੋਨ ਸਰੂਪ ਕਾਰਨ ਮੰਨਿਆ ਜਾਣਾ ਚਾਹੀਦਾ ਹੈ’ ਨਵੀਆਂ ਪਾਬੰਦੀਆਂ ਬਾਰੇ ਪੁੱਛੇ ਜਾਣ ’ਤੇ ਜੈਨ ਨੇ ਕਿਹਾ ਕਿ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ਼ਨੀਵਾਰ ‘ਵੀਕੈਂਡ ਕਰਫਿਊ’ ਲਗਾਇਆ ਗਿਆ ਹੈ ਜਾ ਰਿਹਾ ਹੈ ਤੇ ਇਸ ਨੂੰ ਲੌਕਡਾਊਨ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਕਿਉਂਕਿ ਉਸ ਦੋ ਦਿਨਾਂ ’ਚ ਬਹੁਤੀ ਗਤੀਵਿਧੀ ਨਹੀਂ ਹੁੰਦੀ ਹੈ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।